ਮੁੱਲਾਂਪੁਰ ਦਾਖਾ 18 ਜੁਲਾਈ (ਸਤਵਿੰਦਰ ਸਿੰਘ ਗਿੱਲ) ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ(ਰਜਿ.)ਜਿਲ੍ਹਾ ਲੁਧਿਆਣਾ ਦੀ ਇੱਕ ਅਹਿਮ ਮੀਟਿੰਗ ਅੱਜ ਪਿੰਡ ਤਲਵੰਡੀ ਕਲਾਂ ਵਿਖੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮਰਹੂਮ ਬੀਬੀ ਕੁਲਵੰਤ ਕੌਰ ਰਸੂਲਪੁਰ ਕਤਲਕਾਂਡ ਵਿਰੋਧੀ 16 ਮਹੀਨੇ ਤੋਂ ਲਗਾਤਾਰ ਚੱਲ ਰਹੇ ਪੱਕੇ ਧਰਨੇ ਜਗਰਾਉ (ਸਾਮਣੇ ਸਿਟੀ ਥਾਣਾ) ਦੇ ਅੱਡ ਅੱਡ ਪਹਿਲੂਆਂ ਬਾਰੇ ਗੰਭੀਰ,ਗੰਭੀਰ ਭਰਵੀਂ ਤੇ ਡੂੰਘੀ ਵਿਚਾਰ ਚਰਚਾ ਕੀਤੀ ਗਈ। ਅੱਜ ਦੀ ਵਿਸ਼ਾਲ ਮੀਟਿੰਗ ' ਚ ਯੂਨੀਅਨ ਦੇ ਆਗੂਆਂ - ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਖਜਾਨਚੀ ਅਮਰੀਕ ਸਿੰਘ ਤਲਵੰਡੀ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ ਤੇ ਜੱਥੇਬੰਦਕ ਸਕੱਤਰ ਅਵਤਾਰ ਸਿੰਘ ਬਿੱਲੂ ਵਲੈਤੀਆ ਨੇ ਬਕਾਇਦਾ ਵਿਚਾਰ ਪੇਸ਼ ਕੀਤੇ। ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਉਪਰੋਕਤ ਕਤਲਕਾਂਡ ਦੇ ਮੁੱਖ ਦੋਸ਼ੀ - ਡੀ. ਐੱਸ. ਪੀ. ਗੁਰਿੰਦਰ ਬੱਲ , ਏ. ਐੱਸ. ਆਈ ਰਾਜਵੀਰ ਤੇ ਸਾਬਕਾ ਸਰਪੰਚ ਹਰਜੀਤ ਸਿੰਘ ਕੋਠੇ ਸ਼ੇਰ ਜੰਗ ਦੀ ਫੌਰੀ ਗ੍ਰਿਫ਼ਤਾਰੀ ਲਈ 16 ਮਹੀਨੇ ਤੋਂ ਜਾਰੀ ਜਗਰਾਉ ਹੱਕੀ ਘੋਲ਼ ਦੇ ਅਗਲੇ ਵੱਡੇ ਐਕਸ਼ਨ ਵਜੋਂ 21 ਜੁਲਾਈ ਦਿਨ ਸ਼ੁੱਕਰਵਾਰ 10:30 ਵਜੇ ਜਗਰਾਉ ਪੁਲ ਦੇ ਹੇਠਾਂ (ਬੰਦ ਰੇਲਵੇ ਫਾਟਕ ਨੇੜੇ)ਵਿਸ਼ਾਲ ਰੋਹ ਭਰਪੂਰ ਸਾਂਝੀ ਜਨਤਕ ਰੈਲੀ ਕੀਤੀ ਜਾਵੇਗੀ। ਜਿਸ ਉਪਰੰਤ ਐੱਸ ਐੱਸ ਪੀ. ਦਫ਼ਤਰ ਤੱਕ ਵੱਡਾ ਮਾਰਚ ਕਰਦੇ ਹੋਏ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ( ਰਜਿ.)ਜਿਲ੍ਹਾ ਲੁਧਿਆਣਾ ਦਾ ਵੱਡਾ ਕਾਫ਼ਲਾ 21 ਜੁਲਾਈ ਨੂੰ ਠੀਕ 10 ਵਜੇ ਚੌਕੀਮਾਨ ਟੋਲ ਪਲਾਜ਼ਾ ਤੋਂ ਰਵਾਨਗੀ ਕਰੇਗਾ। ਆਗੂਆਂ ਨੇ ਦੱਸਿਆ ਕਿ ਜੱਥੇਬੰਦੀ ਵੱਲੋਂ ਪਿੰਡ - ਪਿੰਡ ਮੀਟਿੰਗਾਂ/ ਰੈਲੀਆਂ ਦਾ ਸਿਲਸਿਲਾ ਪਹਿਲਾ ਹੀ ਆਰੰਭ ਹੋ ਚੁੱਕਾ ਹੈ , ਜੋ ਕਿ 20 ਤਰੀਕ ਤੱਕ ਰੋਜ਼ਾਨਾ ਚਾਲੂ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਜਿਲ੍ਹਾ ਕਾਰਜਕਾਰੀ ਕਮੇਟੀ ਨੇ ਨਸ਼ਾ ਵਿਰੋਧੀ ਘੋਲ਼ ਦੇ ਨੌਜਵਾਨ ਆਗੂ ਪਰਵਿੰਦਰ ਸਿੰਘ ਝੋਟਾ ਦੀ ਕਥਿਤ ਝੂਠੇ ਕੇਸ ਪਾ ਕੇ ਮਾਨਸਾ ਪੁਲਿਸ ਵੱਲੋਂ ਕੀਤੀ ਗ੍ਰਿਫ਼ਤਾਰੀ ਬਦਲੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਸਖ਼ਤ ਤੋਂ ਸਖ਼ਤ ਸਬਦਾ ' ਚ ਨਿਖੇਧੀ ਕਰਦਿਆਂ , ਫੌਰੀ ਬਿਨਾਂ ਸ਼ਰਤ ਰਿਹਾਈ ਦੀ ਜੋਰਦਾਰ ਮੰਗ ਕੀਤੀ ਹੈ। ਅੱਜ ਦੀ ਮੀਟਿੰਗ ' ਚ ਤੇਜਿੰਦਰ ਸਿੰਘ ਬਿਰਕ , ਇਕਬਾਲ ਸਿੰਘ, ਗੁਰਦੀਪ ਸਿੰਘ ਮੰਡਿਆਣੀ, ਪਰਦੀਪ ਸਿੰਘ,ਜਸਪਾਲ ਸਿੰਘ,ਸੁਰਜੀਤ ਸਿੰਘ ਸਵੱਦੀ,ਵਿਜੈ ਕੁਮਾਰ ਪੰਡੋਰੀ, ਜਸਵੰਤ ਸਿੰਘ ਮਾਨ, ਅਵਤਾਰ ਸਿੰਘ ਤਾਰ , ਡਾਕਟਰ ਗੁਰਮੇਲ ਸਿੰਘ ਕੁਲਾਰ, ਜੱਥੇਦਾਰ ਗੁਰਮੇਲ ਸਿੰਘ ਢੱਟ,ਗੁਰਸੇਵਕ ਸਿੰਘ ਸੋਨੀ , ਅਮਰਜੀਤ ਸਿੰਘ ਖੰਜਰਵਾਲ, ਬੂਟਾ ਸਿੰਘ ਬਰਸਾਲ, ਅਵਤਾਰ ਸਿੰਘ ਸੰਗਤਪੁਰਾ, ਗੁਰਬਖਸ਼ ਸਿੰਘ,ਗੁਰਪਾਲ ਸਿੰਘ, ਬਲਵੀਰ ਸਿੰਘ ਪੰਡੋਰੀ (ਕੈਨੇਡਾ) ਉਚੇਚੇ ਤੌਰ ਤੇ ਹਾਜ਼ਰ ਸਨ।