ਨਸ਼ੇ ਵਿੱਚ ਟੱਲੀ ਏਐਸਆਈ ਦੀ ਵੀਡੀਓ ਹੋਈ ਵਾਇਰਲ, ਪੁਲਸ ਮੁਲਾਜ਼ਮ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ

ਅੰਮ੍ਰਿਤਸਰ, 4 ਫਰਵਰੀ : ਪੰਜਾਬ ਵਿੱਚ ਨਸ਼ਾ ਖਤਮ ਕਰਨ ਦਾ ਦਾਅਵਾ ਕਰਨ ਵਾਲੇ ਪੁਲਿਸ ਵਾਲੇ ਖੁਦ ਹੀ ਸ਼ਰਾਬੀ ਹੋ ਰਹੇ ਹਨ। ਅੰਮ੍ਰਿਤਸਰ ਵਿੱਚ ਇੱਕ ਏਐਸਆਈ ਦੀ ਵੀਡੀਓ ਵਾਇਰਲ ਹੋਈ ਹੈ। ਵੀਡੀਓ ਡੀਸੀ ਦਫ਼ਤਰ ਦੀ ਹੈ। ਫਿਲਹਾਲ ਪੁਲਿਸ ਨੇ ਦੋਸ਼ੀ ਪੁਲਸ ਮੁਲਾਜ਼ਮ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਡੀਸੀ ਦਫ਼ਤਰ ਵਿੱਚ ਸੁਰੱਖਿਆ ਲਈ ਪੁਲਿਸ ਮੁਲਾਜ਼ਮ ਤਾਇਨਾਤ ਹਨ। ਵੀਡੀਓ ਵਿੱਚ ਏਐਸਆਈ ਸੁਰਿੰਦਰ ਸਿੰਘ ਨਸ਼ੇ ਵਿੱਚ ਟੱਲੀ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਹ ਕਈ ਵਾਰ ਹੇਠਾਂ ਡਿੱਗ ਪੈਂਦਾ ਹੈ ਅਤੇ ਕਈ ਵਾਰ ਉੱਚੀ ਆਵਾਜ਼ ਵਿੱਚ ਗਾਲ੍ਹਾਂ ਵੀ ਕੱਢਦਾ ਹੈ। ਉਹ ਇੰਨਾ ਸ਼ਰਾਬੀ ਸੀ ਕਿ ਉਸ ਨੇ ਉੱਥੇ ਆਪਣੀ ਪੈਂਟ ਵੀ ਲਾਹ ਦਿੱਤੀ। ਜਦੋਂ ਨਸ਼ੇ ‘ਚ ਟੱਲੀ ਏਐਸਆਈ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਤਾਂ ਉਸ ਦਾ ਥੋੜ੍ਹਾ ਨਸ਼ਾ ਉਤਰਿਆ। ਏਐਸਆਈ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਉਸ ਨੂੰ ਮਿਲਣ ਆਏ ਸਨ। ਉਹ ਆਪਣੇ ਨਾਲ ਲਾਹਣ (ਦੇਸੀ ਸ਼ਰਾਬ) ਲਿਆਏ ਸਨ। ਸ਼ਰਾਬ ਪੀ ਕੇ ਉਸ ਦਾ ਇਹ ਬੁਰਾ ਹਾਲ ਹੋਇਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਏ.ਐਸ.ਆਈ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਏਐਸਆਈ ਦਾ ਮੈਡੀਕਲ ਕਰਵਾਇਆ ਗਿਆ, ਜਿਸ ਵਿੱਚ ਉਹ ਨਸ਼ੇ ਵਿੱਚ ਪਾਇਆ ਗਿਆ।