
ਅੰਮ੍ਰਿਤਸਰ 16 ਫਰਵਰੀ 2025 : ਅੰਮ੍ਰਿਤਸਰ ਦੇ ਪਿੰਡ ਮਾਹਲ ‘ਚ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਇੱਕ ਨੌਜਵਾਨ ਤੇ ਗੋਲੀਆਂ ਚਲਾ ਕੇ ਹਮਲਾ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਨਾਮ ਦਾ ਨੌਜਵਾਨ ਇੱਕ ਹੋਰ ਸਾਥੀ ਨਾਲ ਗਲੀ ‘ਚ ਖੜ੍ਹਾ ਸੀ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਹਨ ਤੇ ਮਨਦੀਪ ਤੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਹਨ, ਇਸ ਹਮਲੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਜਖ਼ਮੀ ਹਾਲਤ ਵਿੱਚ ਮਨਦੀਪ ਨੂੰ ਹਸਪਤਾਲ ‘ਚ ਇਲਾਜ ਲਈ ਲਿਜਾਇਆ ਜਾਂਦਾ ਹੈ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਮ੍ਰਿਤਕ ਨੌਜਵਾਨ ਮਨਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਉਸਦੀ ਲਾਸ਼ ਪਿੰਡ ਮਾਹਲ ਵਿਖੇ ਰੱਖ ਕੇ ਪੁਲਿਸ ਪ੍ਰਸਾਸ਼ਨ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਮ੍ਰਿਤਕ ਮਨਦੀਪ ਸਿੰਘ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਵੀ ਮਨਦੀਪ ਤੇ ਡੇਵਿਡ ਤੇ ਕਾਸੀ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਸਬੰਧੀ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਪਰ ਪੁਲਿਸ ਨੇ ਉਸਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਜੇਕਰ ਪੁਲਿਸ ਕਾਰਵਾਈ ਕਰਦੀ ਤਾਂ ਉਨ੍ਹਾਂ ਦਾ ਲੜਕਾ ਅੱਜ ਆਪਣੀ ਜਾਨ ਨਾ ਗਵਾਉਂਦਾ।ਉਨ੍ਹਾਂ ਕਿਹਾ ਕਿ ਬੀਤੀ ਰਾਤ ਫਿਰ ਉਕਤ ਦੋਵੇਂ ਡੇਵਿਡ ਤੇ ਕਾਸੀ ਨੇ ਹਮਲਾ ਕਰਕੇ ਮਨਦੀਪ ਨੂੰ ਮੌਤ ਦੇ ਘਾਟ ਉਤਾਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਨਦੀਪ ਸ਼ਾਦੀਸ਼ੁਦਾ ਹੈ ਤੇ ਉਸ ਦੀ ਇੱਕ ਛੋਟੀ ਬੱਚੀ ਵੀ ਹੈ। ਇਸ ਮੌਕੇ ਡੀਐਸਪੀ ਲਖਵਿੰਦਰ ਸਿੰਘ ਕਲੇਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਨਦੀਪ ਨਾਂ ਦਾ ਨੌਜਵਾਨ ਜੋ ਕਿ ਮਾਹਲ ਪਿੰਡ ਦਾ ਰਹਿਣ ਵਾਲਾ ਹੈ ਉਸ ਨੂੰ ਦੇਰ ਰਾਤ ਦੋ ਨੌਜਵਾਨ ਡੇਵਿਡ ਤੇ ਕਾਸ਼ੀ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਸੜਕ ਤੇ ਲਾਸ਼ ਰੱਖ ਕੇ ਧਰਨਾ ਲਗਾਇਆ ਗਿਆ ਹੈ। ਅਸੀਂ ਪਰਿਵਾਰ ਨੂੰ ਅਸ਼ਵਾਸਨ ਦਵਾਉਂਦੇ ਹਾਂ ਕਿ ਜਲਦ ਹੀ ਡੇਵਿਡ ਤੇ ਕਾਸ਼ੀ ਨੂੰ ਕਾਬੂ ਕਰ ਉਹਨਾਂ ਨੂੰ ਜੇਲ ਭੇਜਿਆ ਜਾਵੇਗਾ।