ਬਟਾਲਾ ਨੇੜੇ ਵਾਪਰਿਆ ਭਿਆਨਕ ਹਾਦਸਾ, ਇੱਕ ਨੌਜਵਾਨ ਦੀ ਮੌਤ, ਇੱਕ ਜ਼ਖ਼ਮੀ

ਬਟਾਲਾ, 22 ਫਰਵਰੀ : ਬਟਾਲਾ ਨਜ਼ਦੀਕ ਰੰਗੜ-ਨੰਗਲ ਨੇੜੇ ਇਕ ਭਿਆਨਕ ਹਾਦਸਾ ਵਾਪਰਿਆ ਜਿਸ ਵਿਚ 1 ਨੌਜਵਾਨ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਤੁਲਨ ਵਿਗੜਨ ਕਾਰਨ ਇੱਕ ਤੇਜ਼ ਰਫਤਾਰ ਕਾਰ ਦਰੱਖਤ ਨਾਲ ਜਾ ਟਕਰਾਈ। ਕਾਰ ਚਾਲਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ, ਜਦਕਿ ਕਾਰ ਸਵਾਰ ਦੂਜਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਕੁਲਦੀਪ ਸਿੰਘ (22) ਪੁੱਤਰ ਨਿਰਮਲ ਸਿੰਘ ਵਾਸੀ ਰੁੜਕੀ (ਖਰੜ) ਵਜੋਂ ਹੋਈ ਹੈ। ਜਦ ਕਿ ਜ਼ਖ਼ਮੀ ਹੋਇਆ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਜੰਡਪੁਰ (ਮੁਹਾਲੀ) ਦਾ ਹੈ, ਜੋ ਕਿ ਸਿਵਲ ਹਸਪਤਾਲ ਵਿਚ ਜੇਰੇ ਇਲਾਜ਼ ਹੈ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆ ਐਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਸਵਿਫਟ ਕਾਰ ਜੋ ਬਟਾਲਾ ਤੋ ਬਿਆਸ ਵੱਲ ਨੂੰ ਜਾ ਰਹੀ ਸੀ, ਜਦੋਂ ਇਹ ਰੰਗੜ ਨੰਗਲ ਨਜ਼ਦੀਕ ਪੁੱਜੇ ਤਾਂ ਕਾਰ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ।