ਸ੍ਰੀ ਹਰਮੰਦਰ ਸਾਹਿਬ ਵਿਖੇ ਸੋਨੂੰ ਸੂਦ ਅਤੇ ਜੈਕਲੀਨ ਫਰਨਾਂਡੀਜ਼ ਹੋਏ ਨਤਮਸਤਕ

ਅੰਮ੍ਰਿਤਸਰ, 26 ਮਾਰਚ : ਬਾਲੀਵੁੱਡ ਦੇ ਸਟਾਰ ਸੋਨੂੰ ਸੂਦ ਅਤੇ ਜੈਕਲੀਨ ਫਰਨਾਂਡੀਜ਼ ਅੰਮ੍ਰਿਤਸਰ ਪਹੁੰਚੇ ਹਨ। ਉਹ ਜਲਦ ਹੀ ਆਪਣੀ ਫਿਲਮ ‘ਫਤਿਹ’ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸਮੂਹ ਸਾਥੀਆਂ ਸਮੇਤ ਹਰਿਮੰਦਰ ਸਾਹਿਬ ਮੱਥਾ ਟੇਕਿਆ। ਸੋਨੂੰ ਸੂਦ ਨੇ ਦੱਸਿਆ ਕਿ ਉਹ ਇਸ ਫਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਤੋਂ ਸ਼ੁਰੂ ਕਰਨ ਜਾ ਰਹੇ ਹਨ।ਸੋਨੂੰ ਸੂਦ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਆਪਣੇ ਪਰਿਵਾਰ ਨਾਲ ਇੱਥੇ ਮੱਥਾ ਟੇਕਣ ਲਈ ਆਉਂਦੇ ਸਨ ਪਰ ਹੁਣ ਉਹ ਆਪਣੇ ਫਿਲਮੀ ਪਰਿਵਾਰ ਨਾਲ ਇੱਥੇ ਪਹੁੰਚੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਅੰਮ੍ਰਿਤਸਰ ‘ਤੋਂ ਹੀ ਸ਼ੁਰੂ ਹੋਵੇਗੀ ਇਸ ਲਈ ਉਹ ਅੱਜ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਫਿਲਮ ਦੀ ਜਿੱਤ ਲਈ ਅਰਦਾਸ ਕਰਨ ਪਹੁੰਚੇ ਹਨ। ਫਿਲਮ ‘ਫਤਿਹ’ ਪੰਜਾਬ ‘ਤੇ ਆਧਾਰਿਤ ਐਕਸ਼ਨ ਥ੍ਰਿਲਰ ਹੈ। ਇਸ ਨੂੰ ਸੋਨੂੰ ਸੂਦ ਦੇ ਆਪਣੇ ਹੋਮ ਪ੍ਰੋਡਕਸ਼ਨ ਸ਼ਕਤੀ ਸਾਗਰ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ। ਇਸ ਫਿਲਮ ‘ਚ ਉਨ੍ਹਾਂ ਨਾਲ ਜੈਕਲੀਨ ਫਰਨਾਂਡੀਜ਼ ਨਜ਼ਰ ਆਵੇਗੀ। ਸੋਨੂੰ ਸੂਦ ਨੇ ਜਨਵਰੀ ਮਹੀਨੇ ‘ਚ ਟਵੀਟ ਕਰਕੇ ਲੋਕਾਂ ਤੋਂ ਇਸ ਫਿਲਮ ਦੇ ਵਿਲੇਨ ਲਈ ਸੁਝਾਅ ਦੇਣ ਲਈ ਕਿਹਾ ਸੀ। ਦੋ ਮਹੀਨਿਆਂ ਬਾਅਦ ਹੁਣ ਸੋਨੂੰ ਸੂਦ ਇਸ ਫਿਲਮ ਦਾ ਨਿਰਮਾਣ ਸ਼ੁਰੂ ਕਰਨ ਜਾ ਰਹੇ ਹਨ। ਇਸ ਫਿਲਮ ਨੂੰ ਵੈਭਵ ਮਿਸ਼ਰਾ ਡਾਇਰੈਕਟ ਕਰ ਰਹੇ ਹਨ।