ਪਰਾਲੀ ਨੂੰ ਅੱਗ ਲੱਗਣ ਸਬੰਧੀ ਵੱਟਸਐਪ ਅਤੇ ਫੋਨ ਕਾਲ 'ਤੇ ਵੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਕਰਦਿਆਂ ਦਰਜ ਕੀਤੀ ਜਾਵੇਗੀ ਐਫ. ਆਈ. ਆਰ-ਡਿਪਟੀ ਕਮਿਸ਼ਨਰ

  • ਸਬੰਧਿਤ ਐਸ. ਐਚ. ਓ    ਤੁਰੰਤ ਐਫ. ਆਈ. ਆਰ. ਦਰਜ ਕਰਨ ਦੇ ਨਿੱਜੀ ਤੌਰ ' ਤੇ ਹੋਣਗੇ ਪਾਬੰਦ
  • ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦਾ ਅਸਲਾ ਲਾਇਸੰਸ ਕੀਤਾ ਜਾਵੇਗਾ ਰੱਦ
  • ਪਰਾਲੀ ਨੂੰ ਅੱਗ ਲਗਾਉਣ ਵਾਲੇ ਨੰਬਰਦਾਰ ਦੀ ਨੰਬਰਦਾਰੀ ਵੀ ਕਰ ਦਿੱਤੀ ਜਾਵੇਗੀ ਖਤਮ

ਤਰਨ ਤਾਰਨ, 23 ਸਤੰਬਰ 2024 : ਡਿਪਟੀ ਕਮਿਸ਼ਨਰ, ਤਰਨਤਾਰਨ ਸ੍ਰੀ ਸੰਦੀਪ ਕੁਮਾਰ ਆਈ.ਏ.ਐਸ ਵਲੋਂ ਪਰਾਲੀ ਦੇ ਸੁੱਚਜੇ ਪ੍ਰਬੰਧਨ ਸਬੰਧੀ ਸਬ ਡਵੀਜ਼ਨ ਖਡੂਰ ਸਾਹਿਬ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਉਪ ਮੰਡਲ ਮਜਿਸਟਰੇਟ ਖਡੂਰ ਸਾਹਿਬ ਸ੍ਰੀ ਸਚਿਨ ਪਾਠਕ, ਡੀ.ਐਸ.ਪੀ ਖਡੂਰ ਸਾਹਿਬ, ਮੁੱਖ ਖੇਤੀਬਾੜੀ ਅਫਸਰ ਡਾ.ਹਰਪਾਲ ਸਿੰਘ ਪੰਨੂ, ਬਲਾਕ ਨੋਡਲ ਅਫਸਰ ਡਾ. ਨਵਤੇਜ਼ ਸਿੰਘ, ਸਬ ਡਵੀਜ਼ਨ ਖਡੂਰ ਸਾਹਿਬ ਦੇ ਐਸ. ਐਚ. ਓਜ਼, ਕਲੱਸਟਰ ਅਤੇ ਨੋਡਲ ਅਫਸਰ ਹਾਜ਼ਰ ਸਨ। ਡਿਪਟੀ ਕਮਿਸ਼ਨਰ, ਤਰਨਤਾਰਨ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਅਤੇ ਮਾਣਯੋਗ ਮੁੱਖ ਸੱਕਤਰ, ਪੰਜਾਬ ਸਰਕਾਰ ਵਲੋਂ  ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ  ਜਿਸ ਏਰੀਏ ਵਿੱਚ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ  ਲਗਾਈ ਜਾਂਦੀ ਹੈ, ਉਥੋਂ ਦੇ ਐਸ. ਐਚ. ਓ  ਤੁਰੰਤ ਕਾਰਵਾਈ ਕਰਨ ਦੇ ਨਿੱਜੀ ਜਿੰਮੇਵਾਰ ਹੋਣਗੇ ਅਤੇ ਤੁਰੰਤ ਐਫ. ਆਈ. ਆਰ. ਦਰਜ ਕਰਨ ਦੇ ਪਾਬੰਦ ਹੋਣਗੇ। ਐਸ. ਐਚ. ਓਜ ਵਲੋਂ ਪਰਾਲੀ ਨੂੰ ਅੱਗ ਲੱਗਣ ਸਬੰਧੀ ਵੱਟਸਐਪ ਅਤੇ ਫੋਨ ਕਾਲ ਤੇ ਵੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਕਰਦਿਆਂ ਐਫ. ਆਈ. ਆਰ ਦਰਜ ਕੀਤੀ ਜਾਵੇਗੀ। ਉਹਨਾ ਕਿਹਾ ਕਿ ਖਡੂਰ ਸਾਹਿਬ ਵਿੱਚ ਪਰਾਲੀ ਨੂੰ ਅੱਗ ਲੱਗਣੀ ਸ਼ੁਰੂ ਹੋ ਗਈ ਹੈ, ਇਸ ਲਈ ਸਮੂਹ ਐਸ. ਐਚ. ਓਜ  ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ।  ਉਹਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖਿਲਾਫ਼ ਐਫ. ਆਈ. ਆਰ ਦੇ ਨਾਲ -ਨਾਲ ਜੁਰਮਾਨਾ, ਲਾਲ ਇੰਦਰਾਜ਼ ਵੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦਾ ਅਸਲਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ ਅਤੇ  ਨਾ ਹੀ  ਅਸਲਾ ਲਾਇਸੰਸ ਰੀਨਿਊ ਅਤੇ ਨਵਾ ਬਣਾ ਕੇ ਦਿੱਤਾ ਜਾਵੇਗਾ। ਪਰਾਲੀ ਨੂੰ ਅੱਗ ਲਗਾਉਣ ਵਾਲੇ ਨੰਬਰਦਾਰ ਦੀ ਨੰਬਰਦਾਰੀ ਵੀ ਖਤਮ ਕਰ ਦਿੱਤੀ ਜਾਵੇਗੀ। ਉਹਨਾਂ ਸਮੂਹ ਕਲੱਸਟਰ ਅਤੇ ਨੋਡਲ ਅਫ਼ਸਰਾਂ ਨੂੰ ਕਿਹਾ ਕਿ ਜਿਲੇ ਵਿੱਚ ਬੇਲਰ ਮੌਜੂਦ ਹਨ, ਇਸ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਬੇਲਰ ਮੁਹੱਈਆ ਕਰਵਾ ਕੇ ਪਰਾਲੀ ਪ੍ਬੰਧਨ ਕਰਵਾਇਆ ਜਾਵੇ। ਉਹਨਾਂ ਸਮੂਹ ਅਫ਼ਸਰ ਸਾਹਿਬਾਨ ਨੂੰ ਹਦਾਇਤ ਕੀਤੀ ਪਰਾਲੀ ਪ੍ਬੰਧਨ ਦੀ ਡਿਊਟੀ ਤੋਂ ਕਿਸੇ ਨੂੰ ਛੋਟ ਨਹੀਂ ਹੈ। ਡਿਊਟੀ ਵਿੱਚ ਕੁਤਾਹੀ ਵਰਤਣ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।