- ਵਿਧਾਇਕ ਸ਼ੈਰੀ ਕਲਸੀ ਨੇ ‘ਸੜਕ ਸੁਰੱਖਿਆ ਫੋਰਸ’ ਦੇ ਹਾਈ-ਟੈੱਕ ਚਾਰ ਵਾਹਨਾਂ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ
ਬਟਾਲਾ, 26 ਫਰਵਰੀ : ਸੜਕ ਹਾਦਸੇ ਘਟਾ ਕੇ ਬਹੁਮੁੱਲੀਆਂ ਮਨੁੱਖੀ ਜਾਨਾਂ ਬਚਾਉਣ ਦੇ ਉਦੇਸ਼ ਨਾਲ ਬਟਾਲਾ ਦੇ ਨੋਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ‘ਸੜਕ ਸੁਰੱਖਿਆ ਫੋਰਸ’ ਦੇ ਚਾਰ ਹਾਈ-ਟੈੱਕ ਵਾਹਨਾਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਬਟਾਲਾ ਦੇ ਐਸ.ਐਸ.ਪੀ ਮੈਡਮ ਅਸ਼ਵਨੀ ਗੋਟਿਆਲ ਵੀ ਮੋਜਦੂ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਲੰਧਰ ਤੋਂ ਪਹਿਲੀ ‘ਸੜਕ ਸੁਰੱਖਿਆ ਫੋਰਸ’ ਦੇ ਹਾਈ-ਟੈੱਕ ਵਾਹਨਾਂ ਨੂੰ ਝੰਡੀ ਵਿਖਾ ਕੇ ਸ਼ੁਰੂਆਤ ਕੀਤੀ ਗਈ ਸੀ ਅਤੇ ਅੱਜ ਬਟਾਲਾ ਵਿਖੇ ‘ਸੜਕ ਸੁਰੱਖਿਆ ਫੋਰਸ’ ਦੀ ਸ਼ੁਰੂਆਤ ਕੀਤੀ ਗਈ ਹੈ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਸੂਬੇ ਵਿੱਚ ਆਪਣੀ ਕਿਸਮ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਨਿਗਰਾਨੀ ਕਰੇਗੀ। ਉਨਾਂ ਕਿਹਾ ਕਿ ਪੰਜਾਬ, ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਸਮਰਿਪਤ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨਾਲ ਲੋਕਾਂ ਦੀ ਜਾਨ ਬਚਾਈ ਜਾ ਸਕੇਗੀ। ਉਨ੍ਹਾਂ ਕਿਹਾ ਇਹ ਫੋਰਸ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਅਤੇ ਆਵਾਜਾਈ ਦੀ ਵਿਵਸਥਾ ਨੂੰ ਸੁਚਾਰੂ ਬਣਾਉਣ ਵਿੱਚ ਬਹੁਤ ਵੱਡਾ ਰੋਲ ਅਦਾ ਕਰੇਗੀ। ਉਨਾਂ ਦੱਸਿਆ ਕਿ ਇਹ ਵਾਹਨ ਨੈਸ਼ਨਲ ਹਾਈਵੈ ਅਤੇ ਸਟੇਟ ਰੋਡ ਤੇ ਪੈਟਰੋਲਿੰਗ ਕਰਨਗੀਆਂ। ਇਸ ਮੌਕੇ ਗੱਲ ਕਰਦਿਆਂ ਐਸ.ਐਸ.ਪੀ ਬਟਾਲਾ ਮੈਡਮ ਅਸ਼ਵਨੀ ਗੋਟਿਆਲ ਨੇ ਕਿਹਾ ਕਿ ‘ਸੜਕ ਸੁਰੱਖਿਆ ਫੋਰਸ’ ਵਿੱਚ ਚਾਰ ਹਾਈਟੈੱਕ ਗੱਡੀਆਂ ਸ਼ਾਮਲ ਹਨ ਅਤੇ ਇਹ ਵਾਹਨ 30 ਕਿਲੋਮੀਟਰ ਦੇ ਵਕਫੇ ਨਾਲ ਤਾਇਨਾਤ ਕੀਤੇ ਗਏ ਹਨ। ਇਹਨਾਂ ਵਾਹਨਾਂ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਦੀ ਟੀਮ ਹੋਵੇਗੀ ਜਿਸ ਦੀ ਅਗਵਾਈ ਪੈਟਰੋਲਿੰਗ ਇੰਚਾਰਜ ਵਜੋਂ ਏ.ਐਸ.ਆਈ. ਜਾਂ ਉਸ ਤੋਂ ਉੱਚ ਰੈਂਕ ਦਾ ਅਧਿਕਾਰੀ ਕਰੇਗਾ ਅਤੇ 24 ਘੰਟੇ ਵਾਹਨ ਸੜਕਾਂ ਤੇ ਪੈਟਰੋਲਿੰਗ ਕਰਨਗੇ। ਇਸ ਮੌਕੇ ਲਲਿਤ ਕੁਮਾਰ ਡੀਐਸਪੀ, ਅੰਮ੍ਰਿਤ ਕਲਸੀ, ਕੁਲਵੰਤ ਸਿੰਘ ਐਸ.ਐਚ ਓ. ਜਸਜੀਤ ਸਿੰਘ ਐਸ.ਐਸ.ਐਚ ਓ, ਹਰਪਾਲ ਸਿੰਘ ਮੂਲਿਆਂਵਾਲ, ਐਮ ਸੀ ਸਰਦੂਲ ਸਿੰਘ ਸਮੇਤ ਆਪ ਪਾਰਟੀ ਦੇ ਆਗੂ, ਵਰਕਰ ਤੇ ਵਲੰਟੀਅਰ ਆਦਿ ਮੋਜੂਦ ਸਨ।