ਸਿਵਲ ਤੇ ਪੁਲਿਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਵਲੋਂ ਪਿੰਡ ਬੱਲੜਵਾਲ, ਭੱਟੀਵਾਲ ਤੇ ਘੁਮਾਣ ਵਿਖੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤੀ ਅਪੀਲ

ਬਟਾਲਾ, 12 ਅਕਤੂਬਰ 2024 : ਸ਼੍ਰੀ ਹਰਗੋਬਿੰਦਪੁਰ ਸਾਹਿਬ ਬਲਾਕ ਦੇ ਪਿੰਡ ਨਵਾਂ ਬੱਲੜਵਾਲ , ਭੱਟੀਵਾਲ ,ਘੁਮਾਣ ਵਿਖੇ ਸਿਵਲ ਤੇ ਪੁਲਿਸ ਦੀ ਸਾਂਝੀ ਟੀਮ ਵਲੋਂ ਦੋਰਾ ਕਰਕੇ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਦੀ ਅਪੀਲ ਕੀਤੀ। ਇਸ ਸਬੰਧੀ ਗੱਲ ਕਰਦਿਆਂ  ਨਾਇਬ ਤਹਸੀਲਦਾਰ ਸ੍ਰੀ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਗਾਤਾਰ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਤੇ ਪਰਾਲੀ ਪਰਬੰਧਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਸਥਾਰ ਅਫਸਰ ਬਲਵਿੰਦਰ ਕੌਰ ਅਤੇ ਐਸਐਚ ਓ ਘੁਮਾਨ ਵਲੋਂ ਪਿੰਡਾਂ ਵਿੱਚ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਤੋਂ ਪ੍ਰਣ ਲਿਆ ਕਿ ਅਸੀਂ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਵਾਂਗੇ। ਇਸ ਮੌਕੇ ਉਨਾਂ ਦੀਆਂ ਮੁਸ਼ਕਿਲਾਂ ਸੁਣੀਆ ਅਤੇ ਉਨ੍ਹਾਂ ਦਾ ਹੱਲ ਕੀਤਾ ਗਿਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਹ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ। ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਪਿੰਡ ਪੱਧਰ ਤੱਕ ਨੋਡਲ ਅਫਸਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ, ਤਾਂ ਉਹ ਨੇੜਲੇ ਖੇਤੀਬਾੜੀ ਵਿਭਾਗ ਦੇ ਦਫ਼ਤਰ, ਐੱਸ.ਡੀ.ਐੱਮ. ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ ਜਾਂ ਹੈਲਪ ਲਾਈਨ ਨੰ 1800-180-1852 ਤੇ ਸੰਪਰਕ ਕਰਨ।