ਅਜਨਾਲਾ ਵਿਖੇ ਹੋਈ ਝੜਪ ਨੂੰ ਲੈ ਕੇ ਜੇਕਰ ਡੀਜੀਪੀ ਨੇ ਕੀਤੀ ਕਾਰਵਾਈ ਤਾਂ ਉਸੇ ਤਰੀਕੇ ਨਾਲ ਹੀ ਹੋਵੇਗਾ ਪ੍ਰਦਰਸ਼ਨ : ਅੰਮ੍ਰਿਤਪਾਲ ਸਿੰਘ

ਅੰਮ੍ਰਿਤਸਰ, 24 ਫਰਵਰੀ : ਪਿਛਲੇ ਦਿਨੀਂ ਵਾਰਸ ਪੰਜਾਬ ਜਥੇਬੰਦੀ ਦੇ ਸਿੰਘ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਵੱਡਾ ਇਕੱਠ ਲੈ ਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਜਨਾਲਾ ਥਾਣੇ ਪਹੁੰਚੇ ਸਨ। ਇਸ ਦੌਰਾਨ ਜਥੇਬੰਦੀਆਂ ਦੇ ਆਗੂਆਂ ਦੀ ਪੁਲਸ ਨਾਲ ਝੜਪ ਵੀ ਹੋਈ ਸੀ ਅਤੇ ਇਸ ਝੜਪ ਦੇ ਵਿਚ ਪੁਲਸ ਦੇ 6 ਮੁਲਾਜ਼ਮ ਵੀ ਜ਼ਖਮੀ ਹੋਏ ਸਨ ਅਤੇ ਬਾਅਦ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਅਤੇ ਪੁਲੀਸ ਵਿਚਾਲੇ ਸਹਮਤੀ ਬਣੀ ਅਤੇ ਲਵਪ੍ਰੀਤ ਸਿੰਘ ਉਰਫ ਤੁਫਾਨ ਸਿੰਘ ਨੂੰ ਛੱਡਣ ਦਾ ਪੁਲਸ ਨੇ ਫੈਸਲਾ ਲਿਆ। ਲਵਪ੍ਰੀਤ ਸਿੰਘ ਦੀ ਰਿਹਾਈ ਤੋਂ ਬਾਅਦ ਵਾਰਸ ਪੰਜਾਬ ਜਥੇਬੰਦੀ ਦਾ ਕਾਫਲਾ ਅਜਨਾਲਾ ਤੋਂ ਸਿੱਧਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਗਰ ਡੀਜੀਪੀ ਪੰਜਾਬ ਅਜਨਾਲਾ ਵਿਖੇ ਹੋਈ ਝੜਪ ਨੂੰ ਲੈ ਕੇ ਵਾਰਸ ਪੰਜਾਬ ਜਥੇਬੰਦੀ ਦੇ ਕਿਸੇ ਸਿੰਘ ਤੇ ਕਾਰਵਾਈ ਕਰਦੀ ਹੈ ਆਉਣ ਵਾਲੇ ਸਮੇਂ ਵਿੱਚ ਫੇਰ ਇਸੇ ਤਰੀਕੇ ਨਾਲ ਸਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੁਲਸ ਨੂੰ ਚਾਹੀਦਾ ਹੈ ਕਿ ਹੁਣ ਇਸ ਮਾਮਲੇ ਨੂੰ ਬੰਦ ਕੀਤਾ ਜਾਵੇ ਨਾ ਕਿ ਇਸ ਦੇ ਨਜਾਇਜ਼ ਤੌਰ ਤੇ ਬਿਆਨ ਦਿੱਤੇ ਜਾਣ।