ਕਿਸਾਨ, ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ-ਐੱਸ.ਡੀ.ਐੱਮ. ਬਟਾਲਾ

  • ਐਸ.ਡੀ.ਐਮ ਬਟਾਲਾ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਵਾਸਤੇ ਕਿਸਾਨਾ ਨੂੰ ਕੀਤਾ ਪ੍ਰੇਰਿਤ

ਬਟਾਲਾ, 22 ਅਕਤੂਬਰ 2024 : ਸ੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਨਾ ਸਾੜਨ ਅਤੇ ਪਰਾਲੀ ਦੇ ਨੁਕਸਾਨਾਂ ਬਾਰੇ ਕਿਸਾਨਾਂ ਨੂੰ ਪਿੰਡਾਂ ਵਿੱਚ ਜਾ ਕੇ ਜਾਗੂਰਕ ਕੀਤਾ ਜਾ ਰਿਹਾ ਹੈ। ਐੱਸ.ਡੀ.ਐੱਮ ਬਟਾਲਾ, ਵਿਕਰਮਜੀਤ ਸਿੰਘ ਵੱਲੋਂ ਬਲਾਕ ਬਟਾਲਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਪਿੰਡ ਕਿਲਾ ਦਰਸ਼ਨ ਸਿੰਘ,ਕੋਟਲੀ ਫਸੀ, ਕੋਟਲਾ ਸ਼ਾਹੀਆ, ਭੁੱਲਰ ਅਤੇ ਵਿੰਝਵਾਂ ਵਿੱਚ ਜਾ ਕੇ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਵਾਸਤੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ।  ਇਸ ਮੌਕੇ ਉਨ੍ਹਾਂ ਦੇ ਨਾਲ ਨਾਇਬ ਤਹਿਸੀਲਦਾਰ ਮਨਜੋਤ ਸਿੰਘ ਅਤੇ ਬਲਾਕ ਖੇਤੀਬਾੜੀ ਅਫਸਰ ਬਟਾਲਾ ਡਾ. ਪਰਮਬੀਰ ਸਿੰਘ ਕਾਹਲੌ, ਪਿੰਡਾਂ ਨਾਲ ਸਬੰਧਤ ਕਲਸਟਰ ਅਫਸਰ, ਨੋਡਲ ਅਫਸਰ, ਪਟਵਾਰੀ ਅਤੇ ਐੱਸ.ਐੱਚ.ੳ.ਥਾਣਾ ਸਦਰ ਵੀ ਮੌਜੂਦ ਸਨ। ਉਨ੍ਹਾਂ ਅੱਗੇ ਕਿਹਾ ਕਿ ਖੇਤਾਂ 'ਚ ਪਰਾਲੀ ਨੂੰ ਅੱਗ ਨਾ ਲਾਉਣ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ, ਕਿਉਂਕਿ ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਲਈ ਅਤਿ-ਆਧੁਨਿਕ ਮਸ਼ੀਨਰੀ ਦੇ ਪੂਰੇ ਪੁਖ਼ਤਾ ਇੰਤਜਾਮ ਹਨ, ਇਸ ਦੇ ਬਾਵਜੂਦ ਵੀ ਜੇਕਰ ਕਿਸੇ ਕਿਸਾਨ ਨੇ ਖੇਤਾਂ ਵਿੱਚ ਅੱਗ ਲਗਾਈ ਤਾਂ ਉਸ ਵਿਰੁੱਧ ਮਾਣਯੋਗ ਸੁਪਰੀਮ ਕੋਰਟ ਅਤੇ ਮਾਣਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਇਸ ਮੌਕੇ ਕਿਸਾਨਾਂ ਕੋਲੋ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰਣ ਵੀ ਲਿਆ ਗਿਆ।