ਖੇਤੀ ਸਹਾਇਕ ਧੰਦੇ ਕਰਨ ਨਾਲ ਪੋਸ਼ਟਿਕ ਖੁਰਾਕ ਅਤੇ ਵਾਧੂ ਆਮਦਨ ਮਿਲੇਗੀ : ਡਾ ਭੁਪਿੰਦਰ ਸਿੰਘ

ਤਰਨਤਾਰਨ, 17 ਅਗਸਤ 2024 : ਇਕਹਿਰੇ ਕਣਕ ਝੋਨੇ ਤੇ ਨਿਰਭਰ ਹੋਣ ਦੀ ਬਜਾਏ ਜੇਕਰ ਕਿਸਾਨ ਸਹੂਲਤ ਅਨੁਸਾਰ ਖੇਤੀ ਸਹਾਇਕ ਧੰਦੇ ਜਿਵੇਂ ਪੋਲਟਰੀ ,ਪਸ਼ੂ ਪਾਲਣ, ਸ਼ਹਿਦ ਮੱਖੀ ਪਾਲਣ ਆਦਿ ਨੂੰ ਅਪਣਾਉਣ ਤਾਂ ਉਹਨਾਂ ਨੂੰ  ਫਸਲ ਤੋਂ ਇਲਾਵਾ ਵਾਧੂ ਆਮਦਨ  ਤਾਂ ਹੋਵੇਗੀ ਹੀ ਉੱਥੇ ਨਾਲ ਹੀ ਪੋਸ਼ਟਿਕ ਖੁਰਾਕ ਵੀ ਮਿਲੇਗੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ, ਪੱਟੀ ਨੇ ਪਿੰਡ ਜੋਤੀ ਸ਼ਾਹ ਵਿਖੇ ਜਸਬੀਰ ਸਿੰਘ ਗਿੱਲ ਦੇ ਫਾਰਮ ਨਿਰੀਖਣ ਮੌਕੇ ਕੀਤਾ। ਗੱਲਬਾਤ ਦੌਰਾਨ ਜਸਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਕਿ ਸਾਲ 2021 ਵਿੱਚ ਨੌਕਰੀ ਤੋਂ ਸੇਵਾ ਮੁਕਤ ਹੋਣ ਉਪਰੰਤ ਵਿਰਾਸਤ ਵਿੱਚ ਮਿਲੇ ਇੱਟਾਂ ਦੇ ਭੱਠੇ ਦੇ ਕੰਮ ਕਾਜ ਨੂੰ ਸਾਂਭਿਆ ਸੀ। ਕੰਮ ਕਾਜ ਦੌਰਾਨ ਖੇਤੀਬਾੜੀ ਵਿਸ਼ੇ ਦੀ ਪੜ੍ਹਾਈ, ਸਿਖਲਾਈ ਅਤੇ ਨਿੱਜੀ ਸ਼ੌਂਕ ਕਰਕੇ ਕੁਝ ਦੁਧਾਰੂ ਪਸ਼ੂ -ਮੱਝ ਅਤੇ ਗਾਂ ਰੱਖੇ। ਬਾਅਦ ਵਿੱਚ ਸ਼ੌਂਕ ਸ਼ੌਂਕ ਨਾਲ ਕੁਝ ਪੋਲਟਰੀ ਚੂਜੇ, ਬੱਕਰੀਆਂ, ਬੱਤਖਾਂ ਅਤੇ ਇੱਕ ਛੋਟਾ ਮੱਛੀ ਤਲਾਬ ਬਣਾ ਲਿਆ ਹੈ। ਹੁਣ ਇਸ ਫਾਰਮ ਤੇ ਲਗਭਗ 50 ਦੇ ਕਰੀਬ ਚੂਜੇ ਅਤੇ ਮੁਰਗੀਆਂ ਹਨ ਅਤੇ  40 ਦੇ ਕਰੀਬ ਬੱਕਰੀਆਂ ਹਨ। ਉਹਨਾਂ ਦੇ ਦੱਸਣ ਅਨੁਸਾਰ ਇਸ ਨਾਲ ਜਿੱਥੇ ਰੁਝੇਵਾਂ ਮਿਲਿਆ ਹੈ ਉਥੇ ਪਰਿਵਾਰ ਲਈ ਪੌਸ਼ਟਿਕ ਖੁਰਾਕ ਵੀ ਮਿਲ ਜਾਂਦੀ ਹੈ ਅਤੇ ਨਾਲ ਹੀ ਅਲੱਗ ਤੋਂ ਆਮਦਨ ਵੀ ਹੋਣ ਲੱਗ ਪਈ ਹੈ। ਨਿਰੀਖਣ ਉਪਰੰਤ ਜਾਣਕਾਰੀ ਸਾਂਝੀ ਕਰਦਿਆਂ ਡਾ ਭੁਪਿੰਦਰ ਸਿੰਘ ਨੇ ਕਿਹਾ ਕਿ  ਛੋਟੇ, ਸੀਮਾਂਤ ਅਤੇ ਬਾਹਰ ਖੇਤਾਂ ਵਿਚ ਰਹਿੰਦੇ ਕਿਸਾਨਾਂ ਲਈ ਇਹ ਵੇਖਣ ਅਤੇ ਸਿੱਖਣਯੋਗ ਕਾਰਜਸ਼ਾਲਾ ਹੈ।ਇਸ ਨੂੰ ਵੇਖ ਕੇ ਅਤੇ ਸਿਖਲਾਈ ਲੈ ਕੇ ਕਿਸਾਨ ਆਪਣੀ ਸਹੂਲਤ ਅਨੁਸਾਰ ਵੱਖ ਵੱਖ ਖੇਤੀ ਸਹਾਇਕ ਧੰਦਿਆਂ ਨੂੰ ਕਰ ਸਕਦੇ ਹਨ। ਇਸ ਨਾਲ ਜਿੱਥੇ ਉਹਨਾਂ  ਦੀ ਨਿੱਜੀ ਘਰੇਲੂ ਖੁਰਾਕ ਦੀ ਪੂਰਤੀ ਹੋਵੇਗੀ ਉਥੇ ਵਪਾਰਕ ਤੌਰ ਤੇ ਵੀ ਫਸਲ ਤੋਂ ਇਲਾਵਾ ਆਮਦਨ ਦਾ ਵਸੇਬਾ ਬਣੇਗਾ। ਨਾਲ ਦੀ ਨਾਲ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਫਸਲ ਦਾ ਝਾੜ ਅਤੇ ਜਮੀਨ ਦੀ ਉਪਜਾਊ ਸ਼ਕਤੀ ਵੀ ਵਧੇਗੀ। ਜਿਕਰਯੋਗ ਹੈ ਕਿ ਸੇਵਾ ਮੁਕਤ ਖੇਤੀਬਾੜੀ ਅਫਸਰ ਡਾ ਜਸਬੀਰ ਸਿੰਘ ਗਿੱਲ  ਸਰਕਾਰ ਦੀਆਂ ਹਦਾਇਤਾਂ ਅਤੇ ਵਾਤਾਵਰਨ ਪ੍ਰਤੀ ਸਨੇਹ ਰੱਖਦਿਆਂ ਭੱਠੇ ਤੇ ਵਰਤੇ ਜਾਂਦੇ ਬਾਲਣ ਲਈ ਝੋਨੇ ਦੀ ਪਰਾਲੀ ਤੋਂ ਤਿਆਰ ਕੀਤੀਆਂ ਪੈਲੇਟਸ ਦੀ ਵਰਤੋਂ ਕਰ ਰਿਹਾ ਹੈ। ਪੈਲੇਟਸ ਨੂੰ ਬਣਾਉਣ ਲਈ ਉਸ ਨੇ ਪਿਛਲੇ ਸਾਲ ਮਸ਼ੀਨ ਲਗਾ ਕੇ  ਤਕਰੀਬਨ 1000 ਏਕੜ ਪਰਾਲੀ ਦੀ ਵਰਤੋਂ ਕੀਤੀ। ਇਸ ਤਰ੍ਹਾਂ ਆਪਣੇ ਭੱਠੇ ਤੋਂ ਇਲਾਵਾ ਦੂਜੇ ਭੱਠਿਆਂ ਦੀ ਵਰਤੋਂ ਵਾਸਤੇ ਬਾਲਣ ਦੀ ਵੀ ਲੋੜ ਨੂੰ ਪੂਰਾ ਕੀਤਾ। ਉਹਨਾਂ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਇਸ ਦੀ ਵਰਤੋਂ ਵਧਣ ਨਾਲ  ਦੂਜੇ ਰਾਜਾਂ ਤੋਂ ਮੰਗਵਾਉਣ ਵਾਲੇ ਕੋਲੇ ਦੀ ਖਪਤ ਘਟੇਗੀ। ਇਸ ਤਰ੍ਹਾਂ ਪਰਾਲੀ ਦੀ ਸੁਚੱਜੀ ਵਰਤੋਂ ਹੋਣ ਨਾਲ ਕਿਸਾਨਾਂ ਵੱਲੋਂ ਪਰਾਲੀ ਨੂੰ ਖੇਤ ਵਿੱਚ ਸਾੜਨ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਤੋਂ ਵੀ ਨਿਜਾਤ ਮਿਲੇਗੀ ਅਤੇ ਜਮੀਨ ਦੀ ਉਪਜਾਊ ਸ਼ਕਤੀ ਬਣੇ ਰਹਿਣ  ਸਦਕਾ ਖਾਦਾਂ ਤੇ  ਖਾਸਾ ਖਰਚਾ ਘਟ ਜਾਵੇਗਾ।ਇਸ ਮੌਕੇ ਮਨਮੋਹਨ ਸਿੰਘ  ਏਈਓ ਅਤੇ ਦਿਲਬਾਗ ਸਿੰਘ ਫੀਲਡ ਵਰਕਰ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕਰਦਿਆਂ ਸਹਿਮਤੀ ਪ੍ਰਗਟਾਈ ਕਿ ਜੇਕਰ ਦੂਜੇ ਕਿਸਾਨ ਵੀ  ਖੇਤੀ ਸਹਾਇਕ ਧੰਦਿਆਂ ਨੂੰ ਅਪਣਾਉਣ ਤਾਂ ਉਹਨਾਂ ਨੂੰ ਵਧੀਆ  ਖੁਰਾਕ ਜਿਵੇਂ ਖੁੰਬਾਂ, ਸ਼ਹਿਦ, ਦੁੱਧ, ਆਂਡੇ ਆਦਿ ਮਿਲ ਸਕਦੇ ਹਨ । ਜਿਸ ਨਾਲ ਉਹ ਸਰੀਰਕ ਅਤੇ ਆਰਥਿਕ ਤੌਰ ਤੇ ਖੁਸ਼ਹਾਲ ਹੋ ਸਕਦੇ ਹਨ।