ਡਿਪਟੀ ਕਮਿਸ਼ਨਰ ਨੇ ਭਗਤਾਂ ਵਾਲਾ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ 

  • ਪਨਗਰੇਨ ਨੇ ਕੀਤੀ ਭਗਤਾਂ ਵਾਲਾ ਵਿੱਚ ਝੋਨੇ ਦੀ ਖਰੀਦ 

ਅੰਮ੍ਰਿਤਸਰ 08 ਅਕਤੂਬਰ  2024 : ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਭਗਤਾਂ ਵਾਲਾ ਮੰਡੀ ਵਿੱਚ ਪਹੁੰਚ ਕੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਉਹਨਾਂ ਨੇ ਇਸ ਨਵੇਂ ਸੀਜਨ ਦੀ ਕਿਸਾਨਾਂ , ਅੜਤੀਆਂ,  ਪੱਲੇਦਾਰਾਂ ਅਤੇ ਖਰੀਦ ਏਜੰਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸੀਜ਼ਨ ਦੌਰਾਨ ਤੁਹਾਨੂੰ ਕਿਸੇ ਵੀ ਤਰ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਜਿਲਾ ਮੰਡੀ ਅਫਸਰ ਸ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ 20700 ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।  ਇਸ ਤੋਂ ਇਲਾਵਾ ਬਾਸਮਤੀ ਜੋ ਕਿ ਕਾਫੀ ਦਿਨਾਂ ਤੋਂ ਆ ਰਹੀ ਹੈ,  ਦੀ ਖਰੀਦ ਨਿਜੀ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 252683 ਮੀਟਰਕ ਟਨ ਬਾਸਮਤੀ ਵਪਾਰੀਆਂ ਵੱਲੋਂ ਖਰੀਦੀ ਗਈ ਹੈ , ਜਿਸ ਵਿੱਚੋਂ ਲਗਭਗ 95 ਫੀਸਦੀ ਤੋਂ ਵੱਧ ਦੀ ਲਿਫਟਿੰਗ ਵੀ ਪੂਰੀ ਹੋ ਗਈ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਸ ਮੌਕੇ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਉਹ ਝੋਨੇ ਦੀ ਖਰੀਦ ਤੋਂ ਇਲਾਵਾ ਇਸ ਦੀ ਲਿਫਟਿੰਗ ਅਤੇ ਕਿਸਾਨਾਂ ਦੀ ਅਦਾਇਗੀ ਵੀ ਨਾਲੋ ਨਾਲ ਕਰਨੀ ਯਕੀਨੀ ਬਣਾਉਣ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾਲ ਆਵੇ। ਉਹਨਾਂ ਦੱਸਿਆ ਕਿ ਅੱਜ 10 ਮੰਡੀਆਂ ਵਿੱਚ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਜਦ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਖਰੀਦ ਜ਼ਿਲ੍ਹੇ ਦੀਆਂ ਸਾਰੀਆਂ 50 ਮੰਡੀਆਂ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਖਰੀਦ ਸਮੇਂ ਸਿਰ ਕਰਵਾਉਣ ਲਈ ਸੁੱਕਾ ਝੋਨਾ ਲੈ ਕੇ ਮੰਡੀਆਂ ਵਿੱਚ ਆਉਣ, ਤਾਂ ਜੋ ਮੰਡੀ ਵਿੱਚ ਬਹੁਤਾ ਸਮਾਂ ਰੁਕਣਾ ਨਾ ਪਵੇ। ਇਸ ਮੌਕੇ  ਸਰਤਾਜ ਸਿੰਘ ਚੀਮਾ ਡੀ.ਐਫ.ਐਸ.ਸੀ, ਅਮਨਦੀਪ ਸਿੰਘ  ਡੀ.ਐਮ.ਓ, ਨਰਿੰਦਰ ਬਹਿਲ ਜ਼ਿਲ੍ਹਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਰਮਨਜੋਤ ਸਿੰਘ ਇੰਸਪੈਕਟਰ ਪਨਗ੍ਰੇਨ, ਵਿਸ਼ਾਲ ਕੁਮਾਰ ਇੰਸਪੈਕਟਰ ਪਨਗ੍ਰੇਨ, ਮਲਕੀਅਤ ਸਿੰਘ ਇੰਸਪੈਕਟਰ ਪਨਸਪ, ਅਨਾ ਸ਼ਰਮਾ ਮੈਨੇਜਰ ਮਾਰਕਫੈੱਡ, ਦਿਲਬਾਗ ਸਿੰਘ ਇੰਸਪੈਕਟਰ ਪੀ.ਐਸ.ਡਬਲਿਊ.ਸੀ, ਕਿਸਾਨ ਜਸਵਿੰਦਰ ਸਿੰਘ ਪਿੰਡ ਕੋਟਲੀ ਨਸੀਰ ਖਾਂ ਅਤੇ ਆੜ੍ਹਤੀਆ ਡੈਨਿਸ਼ ਟਰੇਡਿੰਗ ਕੰਪਨੀ ਹਾਜਰ ਸਨ।