ਗੁਰਦਾਸਪੁਰ, 11 ਜੁਲਾਈ 2024 : ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਟਰੈਫ਼ਿਕ ਐਜੂਕੇਸ਼ਨ ਸੈੱਲ ਵੱਲੋਂ ਅੱਜ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਸ਼ਕਰਗੜ੍ਹ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਸ੍ਰੀ ਵਿਸ਼ਾਲ ਮਹਾਜਨ ਦੇ ਸਹਿਯੋਗ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਟਰੈਫ਼ਿਕ ਐਜੂਕੇਸ਼ਨ ਸੈੱਲ ਗੁਰਦਾਸਪੁਰ ਦੀ ਤਰਫ਼ੋਂ ਏ.ਐੱਸ.ਆਈ ਸੁਭਾਸ਼ ਚੰਦਰ ਅਤੇ ਏ.ਐੱਸ.ਆਈ ਅਮਨਦੀਪ ਸਿੰਘ ਸ਼ਾਮਲ ਹੋਏ। ਸੈਮੀਨਾਰ 'ਚ ਸਕੂਲੀ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਅਮਨਦੀਪ ਸਿੰਘ ਨੇ ਕਿਹਾ ਕਿ ਸਕੂਟਰ ਜਾਂ ਮੋਟਰਸਾਈਕਲ ਚਲਾਉਂਦੇ ਸਮੇਂ ਹੈਲਮਟ ਜ਼ਰੂਰ ਪਾਉਣਾ ਚਾਹੀਦਾ ਹੈ ਅਤੇ ਬਾਈਕ ਦੀ ਸਪੀਡ ਵੀ ਨਾਰਮਲ ਰੱਖਣੀ ਚਾਹੀਦੀ ਹੈ। ਇਸਦੇ ਨਾਲ ਹੀ ਚਾਰ ਪਹੀਆ ਵਾਹਨ ਚਾਲਕਾਂ ਨੂੰ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਫ਼ੋਨ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਅਜਿਹਾ ਹੋਣ ਨਾਲ ਕਈ ਤਰ੍ਹਾਂ ਦੇ ਹਾਦਸੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਡਰਾਈਵਿੰਗ ਲਾਇਸੈਂਸ ਸਮੇਤ ਵਾਹਨ ਦੇ ਕਾਗ਼ਜ਼ਾਤ ਜ਼ਰੂਰ ਨਾਲ ਰੱਖਣੇ ਚਾਹੀਦੇ ਹਨ। ਏ.ਐੱਸ.ਆਈ ਸੁਭਾਸ਼ ਚੰਦਰ ਨੇ ਕਿਹਾ ਕਿ ਹੁਣ 16 ਤੋਂ 18 ਸਾਲ ਦੇ ਬੱਚਿਆਂ ਨੂੰ ਬੀ ਡਰਾਈਵਿੰਗ ਲਾਇਸੈਂਸ ਮਿਲਦਾ ਹੈ ਅਤੇ ਉਹ ਬਿਨਾਂ ਗੇਅਰ ਦੇ ਵਾਹਨ ਚਲਾ ਸਕਦੇ ਹਨ। ਜੇਕਰ ਕੋਈ 18 ਸਾਲ ਤੋਂ ਘੱਟ ਉਮਰ ਦਾ ਬੱਚਾ ਬਿਨਾਂ ਲਾਇਸੈਂਸ ਦੇ ਵਾਹਨ ਚਲਾਉਂਦਾ ਹੈ ਤਾਂ ਉਸ ਬੱਚੇ ਦੇ ਮਾਪਿਆਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਇਸ ਮੌਕੇ ਉਨ੍ਹਾਂ ਪੁਲਿਸ ਹੈਲਪ ਲਾਈਨ 112 ਅਤੇ ਨੈਸ਼ਨਲ ਹਾਈਵੇ ਦੇ ਹੈਲਪ ਲਾਈਨ ਨੰਬਰ 1033 ਬਾਰੇ ਵੀ ਜਾਣਕਾਰੀ ਦਿੱਤੀ। ਸੈਮੀਨਾਰ ਵਿੱਚ ਹਾਜ਼ਰ ਸਮੂਹ ਵਿਦਿਆਰਥੀਆਂ ਨੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਕੀਤਾ ਅਤੇ ਸੈਮੀਨਾਰ ਵਿੱਚ ਹਾਜ਼ਰ ਸਕੂਲ ਸਟਾਫ਼ ਵਿਕਰਮ ਸ਼ਰਮਾ, ਰਮੇਸ਼ ਕੁਮਾਰ, ਦੀਪਕ ਸ਼ਰਮਾ ਆਦਿ ਨੇ ਟਰੈਫ਼ਿਕ ਮੁਲਾਜ਼ਮਾਂ ਦਾ ਧੰਨਵਾਦ ਕੀਤਾ।