- ਨੈਸ਼ਨਲ ਟੈਸਟਿੰਗ ਏਜੰਸੀ ਦੇ ਚੇਅਰਮੈਨ ਨੂੰ ਲਿਖਿਆ ਪੱਤਰ, ਜਾਂਚ ਲਈ ਸ਼੍ਰੋਮਣੀ ਕਮੇਟੀ ਨੇ ਭੇਜੀ ਟੀਮ
ਅੰਮ੍ਰਿਤਸਰ, 8 ਅਪ੍ਰੈਲ : ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ 6 ਅਪ੍ਰੈਲ ਨੂੰ ਮੋਹਾਲੀ ਵਿਖੇ ਕਰਵਾਏ ਗਏ ਜੇਈਈ ਮੇਨਸ ਦੇ ਪੇਪਰ ਦੌਰਾਨ ਸਿੱਖ ਵਿਦਿਆਰਥੀਆਂ ਦੇ ਕੜੇ ਉਤਰਵਾਉਣ ਅਤੇ ਕੜਿਆਂ ਉੱਪਰ ਟੇਪ ਲਗਾਉਣ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਨੋਟਿਸ ਲੈਂਦਿਆਂ ਪੜਤਾਲ ਦੇ ਆਦੇਸ਼ ਦਿੱਤੇ ਹਨ। ਇਸ ਸਬੰਧ ਵਿੱਚ ਪੜਤਾਲ ਦੇ ਨਾਲ-ਨਾਲ ਐਡਵੋਕੇਟ ਧਾਮੀ ਨੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਸਿੱਖਾਂ ਨਾਲ ਹੁੰਦੇ ਇਸ ਵਿਤਕਰੇ ਪ੍ਰਤੀ ਸਖ਼ਤ ਇਤਰਾਜ਼ ਪ੍ਰਗਟ ਕਰਨ ਲਈ ਵੀ ਆਖਿਆ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਸਿੱਖ ਪ੍ਰੀਖਿਆਰਥੀ ਵੱਲੋਂ ਸੰਸਥਾ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਉਸ ਦਾ ਮਿਤੀ 6 ਅਪ੍ਰੈਲ ਨੂੰ ਮੋਹਾਲੀ ਦੇ ਇੱਕ ਪ੍ਰਾਈਵੇਟ ਕੇਂਦਰ ਵਿਖੇ ਨੈਸ਼ਨਲ ਟੈਸਟਿੰਗ ਏਜੰਸੀ ਜ਼ਰੀਏ ਕਰਵਾਇਆ ਜਾਂਦਾ ਜੇਈਈ ਮੇਨਸ ਦਾ ਪੇਪਰ ਸੀ। ਉਨ੍ਹਾਂ ਕਿਹਾ ਕਿ ਸਿੱਖ ਪ੍ਰੀਖਿਆਰਥੀ ਅਨੁਸਾਰ ਪੇਪਰ ਕੇਂਦਰ ਦੇ ਸਟਾਫ਼ ਵੱਲੋਂ ਉਸ ਨੂੰ ਜ਼ਬਰਦਸਤੀ ਕੜਾ ਉਤਾਰਨ ਲਈ ਕਿਹਾ ਗਿਆ, ਜੋ ਕਿ ਬਰਦਾਸ਼ਤਯੋਗ ਨਹੀਂ ਅਤੇ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿੱਖ ਪ੍ਰੀਖਿਆਰਥੀ ਨੇ ਇਸ ਜ਼ਬਰਦਸਤੀ ਦਾ ਵਿਰੋਧ ਕੀਤਾ ਤਾਂ ਉਸ ਦੇ ਕੜੇ ਉੱਪਰ ਟੇਪ ਲਗਾ ਕੇ ਹੀ ਉਸ ਨੂੰ ਪੇਪਰ ਵਿੱਚ ਬੈਠਣ ਦਿੱਤਾ ਗਿਆ। ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਪੇਪਰ ਕੇਂਦਰਾਂ ਵੱਲੋਂ ਸਿੱਖ ਪ੍ਰੀਖਿਆਰਥੀਆਂ ਨਾਲ ਕੀਤਾ ਜਾਂਦਾ ਵਿਤਕਰਾ ਉਨ੍ਹਾਂ ਦੀ ਮਾਨਸਿਕਤਾ ਨੂੰ ਸੱਟ ਮਾਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਪੇਪਰ ਤੋਂ ਪਹਿਲਾਂ ਸਬੰਧਤ ਏਜੰਸੀਆਂ ਦੇ ਸਟਾਫ਼ ਮੈਂਬਰਾਂ ਵੱਲੋਂ ਸਿੱਖ ਪ੍ਰੀਖਿਆਰਥੀਆਂ ਨਾਲ ਅਜਿਹਾ ਵਿਹਾਰ ਉਨ੍ਹਾਂ ਦੀ ਮਾਨਸਿਕਤਾ ਉੱਤੇ ਅਸਰ ਪਾਉਂਦਾ ਹੈ ਜਿਸ ਨਾਲ ਪੇਪਰ ਵਿੱਚ ਕਾਰਗੁਜ਼ਾਰੀ ਉੱਤੇ ਵੀ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੜਾ ਸਿੱਖਾਂ ਦੇ ਪੰਜ ਕਕਾਰਾਂ ਵਿੱਚੋਂ ਇੱਕ ਕਕਾਰ ਹੈ ਅਤੇ ਇਹ ਸਿੱਖ ਪਛਾਣ, ਮੌਲਿਕ ਅਧਿਕਾਰਾਂ ਦਾ ਅਹਿਮ ਹਿੱਸਾ ਹੈ, ਜਿਸ ਨੂੰ ਇੱਕ ਸਿੱਖ ਦੇ ਸ਼ਰੀਰ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ਅਨੁਸਾਰ ਇਸ ਮਾਮਲੇ ਦੀ ਪੜਤਾਲ ਸਬੰਧੀ ਚੰਡੀਗੜ੍ਹ ਸਬ-ਦਫ਼ਤਰ ਵਿਖੇ ਮੀਤ ਸਕੱਤਰ ਸ. ਲਖਵੀਰ ਸਿੰਘ, ਪ੍ਰਚਾਰਕ ਸ. ਰਾਜਪਾਲ ਸਿੰਘ ਅਤੇ ਲੇਖਕ ਆਈ.ਟੀ. ਵਿਭਾਗ ਸ. ਜਸਕਰਨ ਸਿੰਘ ਦੀ ਡਿਊਟੀ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਟੈਸਟਿੰਗ ਏਜੰਸੀ ਪਾਸ ਵੀ ਇਸ ਘਟਨਾ ਸਬੰਧੀ ਸਖ਼ਤ ਇਤਰਾਜ਼ ਪ੍ਰਗਟ ਕੀਤਾ ਜਾਵੇਗਾ ਅਤੇ ਪ੍ਰਾਪਤ ਰਿਪੋਰਟ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।