- ਭਾਰਤ ਸਰਕਾਰ ਵਿਦੇਸ਼ ਮੰਤਰਾਲੇ ਰਾਹੀਂ ਇੰਗਲੈਂਡ ਸਰਕਾਰ ਨੂੰ ਕਾਰਵਾਈ ਲਈ ਆਖੇ- ਐਡਵੋਕੇਟ ਧਾਮੀ
ਅੰਮ੍ਰਿਤਸਰ, 12 ਜੁਲਾਈ 2024 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੰਗਲੈਂਡ ਅੰਦਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਸੈਂਡ ਵਿੱਚ ਦੋ ਵਿਅਕਤੀਆਂ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਚੋਂ ਕਿਰਪਾਨਾਂ ਚੁੱਕ ਕੇ ਸੰਗਤ ਤੇ ਕੀਤੇ ਨਫ਼ਰਤੀ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਧਰਮ ਅੰਦਰ ਗੁਰਦੁਆਰਾ ਸਾਹਿਬ ਦੀ ਵੱਡੀ ਮਹੱਤਤਾ ਹੈ ਜਿਥੋਂ ਮਨੁੱਖਤਾ ਨੂੰ ਸਰਬਸ਼ਾਂਝਾ ਸੰਦੇਸ਼ ਮਿਲਦਾ ਹੈ। ਉਨ੍ਹਾ ਕਿਹਾ ਕਿ ਸਿੱਖ ਜਿਸ ਵੀ ਦੇਸ਼ ਵਿੱਚ ਰਹਿ ਰਹੇ ਹਨ ਉਥੋਂ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਹਰ ਦੇਸ਼ ਦੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸਿੱਖਾਂ 'ਤੇ ਹੋ ਰਹੇ ਨਫ਼ਰਤੀ ਹਮਲਿਆਂ ਨੂੰ ਰੋਕਣ ਲਈ ਗੰਭੀਰ ਯਤਨ ਕਰਨ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਕੀਤਾ ਗਿਆ ਇਹ ਹਮਲਾ ਸਿੱਖ ਸੰਗਤਾਂ ਤੇ ਹੀ ਨਹੀਂ ਸਗੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾਂਦੇ ਕਾਰਜਾਂ ਤੇ ਵੀ ਹਮਲਾ ਹੈ। ਉਨ੍ਹਾ ਇੰਗਲੈਂਡ ਦੀ ਸਰਕਾਰ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਦੀ ਅਪੀਲ ਕਰਨ ਦੇ ਨਾਲ-ਨਾਲ ਭਾਰਤ ਸਰਕਾਰ ਨੂੰ ਵੀ ਕਿਹਾ ਕਿ ਮਾਮਲੇ ਨੂੰ ਸੰਜੀਦਗੀ ਨਾਲ ਲਵੇ ਅਤੇ ਵਿਦੇਸ਼ ਮੰਤਰਾਲੇ ਰਾਹੀਂ ਸਬੰਧਤ ਸਰਕਾਰ ਨੂੰ ਕਾਰਵਾਈ ਲਈ ਆਖੇ।