ਰਾਸ਼ਟਰੀ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਦੇਸ਼ ਦੀ ਅਜ਼ਾਦੀ ਦਾ 78ਵਾਂ ਦਿਹਾੜਾ

  • ਕੈਬਨਿਟ ਮੰਤਰੀ ਸ੍ਰ. ਕੁਲਦੀਪ ਸਿੰਘ ਧਾਲੀਵਾਲ ਨੇ ਅਦਾ ਕੀਤੀ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ
  • ਡਿਪਟੀ ਕਮਿਸ਼ਨਰ ਵੱਲੋਂ 16 ਅਗਸਤ ਨੂੰ ਜ਼ਿਲਾ ਤਰਨ ਤਾਰਨ ਦੇ ਵਿੱਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ

ਤਰਨ ਤਾਰਨ, 16 ਅਗਸਤ 2024 : ਦੇਸ਼ ਦੀ ਅਜ਼ਾਦੀ ਦਾ 78ਵਾਂ ਦਿਹਾੜਾ ਅੱਜ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ ਵਿਖੇ ਰਾਸ਼ਟਰੀ ਭਾਵਨਾ ਅਤੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਜ਼ਿਲਾ ਪੱਧਰੀ ਸਮਾਗਮ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ, ਕੈਬਨਿਟ ਮੰਤਰੀ ਪੰਜਾਬ ਸ੍ਰ. ਕੁਲਦੀਪ ਸਿੰਘ ਧਾਲੀਵਾਲ ਨੇ ਅਦਾ ਕੀਤੀ। ਰਾਸ਼ਟਰੀ ਗਾਣ ਦੀ ਧੁੰਨ ਦੇ ਚਲਦਿਆਂ ਜਦੋਂ ਮੁੱਖ ਮਹਿਮਾਨ ਨੇ ਕੌਮੀ ਝੰਡਾ ਲਹਿਰਾਇਆ ਤਾਂ ਪੰਜਾਬ ਪੁਲਿਸ ਦੇ ਜਵਾਨਾਂ ਨੇ ਸਤਿਕਾਰ ਵਜੋਂ ਸਲਾਮੀ ਭੇਂਟ ਕੀਤੀ।ਇਸ ਮੌਕੇ ਮੁੱਖ ਪਹਿਮਾਨ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ ਅਤੇ ਪਰੇਡ ਤੋਂ ਸਲਾਮੀ ਲਈ। ਆਜ਼ਾਦੀ ਦਿਹਾੜੇ ਨੂੰ ਸਮਰਪਿਤ ਜ਼ਿਲਾ ਪੱਧਰੀ ਸਮਾਗਮ ਦੌਰਾਨ ਹਲਕਾ ਵਿਧਾਇਕ ਹਲਕਾ ਵਿਧਾਇਕ ਤਰਨ ਤਾਰਨ ਸ੍ਰ. ਸਰਵਨ ਸਿੰਘ ਧੁੰਨ ਨੇ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲਾ ਤੇ ਸੈਸ਼ਨ ਜੱਜ ਸ੍ਰੀ ਕੰਵਲਜੀਤ ਸਿੰਘ ਬਾਜਵਾ, ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ, ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ, ਐੱਸ. ਐੱਸ. ਪੀ. ਤਰਨ ਤਾਰਨ ਸ੍ਰੀ ਗੌਰਵ ਤੂਰਾ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ, ਕੈਬਨਿਟ ਮੰਤਰੀ ਪੰਜਾਬ ਸ੍ਰ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਇਤਿਹਾਸਕ ਅਤੇ ਧਾਰਮਿਕ ਧਰਤੀ ’ਤੇ ਅੱਜ ਅਸੀਂ 78ਵਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਅਤੇ ਇਸ ਮੌਕੇ ਮੈਂ ਆਪ ਸਭ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਕੈਬਨਿਟ ਮੰਤਰੀ ਸ੍ਰ. ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਾਡੀ ਸਰਕਾਰ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਸ. ਭਗਵੰਤ ਸਿੰਘ ਮਾਨ ਨੇ ਆਪਣੇ ਅਹੁਦੇ ਦੀ ਸਹੁੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਚੁੱਕੀ। ਇਸ ਤੋਂ ਇਲਾਵਾ ਸਾਡੀ ਸਰਕਾਰ ਨੇ ਅਹਿਮ ਫ਼ੈਸਲਾ ਲੈਂਦਿਆਂ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀਆਂ ਤਸਵੀਰਾਂ ਲਗਾਈਆਂ। ਉਹਨਾਂ ਕਿਹਾ ਕਿ ਮੋਹਾਲੀ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਸ. ਭਗਤ ਸਿੰਘ ਦੇ ਨਾਂ ਉਤੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣ ਉਪਰੰਤ ਹੁਣ ਪੰਜਾਬ ਸਰਕਾਰ ਉਥੇ ਸ਼ਹੀਦ-ਏ-ਆਜ਼ਮ ਦਾ ਬੁੱਤ ਲਗਾਉਣ ਜਾ ਰਹੀ ਹੈ।ਮੁੱਖ ਮੰਤਰੀ ਜੀ ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਰਬਉੱਚ ਨਾਗਰਿਕ ਸਨਮਾਨ “ਭਾਰਤ ਰਤਨ” ਦੇਣ ਲਈ ਕੇਂਦਰ ਸਰਕਾਰ ਅੱਗੇ ਮੰਗ ਰੱਖੀ ਹੈ। ਉਹਨਾਂ ਕਿਹਾ ਕਿ ਸਾਡੀ ਸਰਕਾਰ ਫ਼ੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫ਼ੌਜੀਆਂ ਦੀ ਭਲਾਈ ਲਈ ਦ੍ਰਿੜ੍ਹ ਸੰਕਲਪ ਹੈ।ਇਸ ਦਿਸ਼ਾ ਵਿੱਚ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਿਸਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ।ਸਰਕਾਰ ਨੇ ਇਸ ਵਿੱਤੀ ਸਹਾਇਤਾ ਸਕੀਮ ਅਧੀਨ ਅਗਨੀਵੀਰਾਂ ਨੂੰ ਵੀ ਸ਼ਾਮਲ ਕੀਤਾ ਹੈ।ਸਰਕਾਰ ਵੱਲੋਂ ਸੂਬੇ ਅਤੇ ਦੇਸ਼ ਦੀ ਸੁਰੱਖਿਆ ਲਈ ਜਾਨ ਵਾਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਰਾਜ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਹਿੱਤਾਂ ਦੀ ਦੇਖਭਾਲ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਰੀਰਕ ਤੌਰ ਉੱਤੇ 76 ਫ਼ੀਸਦੀ ਤੋਂ 100 ਫ਼ੀਸਦੀ ਤੱਕ ਦਿਵਿਆਂਗ ਹੋਏ ਸੈਨਿਕਾਂ ਲਈ ਐਕਸ-ਗ੍ਰੇਸ਼ੀਆ ਗ੍ਰਾਂਟ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕੀਤੀ ਗਈ ਹੈ। ਇਸੇ ਤਰ੍ਹਾਂ 51 ਫ਼ੀਸਦੀ ਤੋਂ 75 ਫ਼ੀਸਦੀ ਤੱਕ ਦਿਵਿਆਂਗ ਸੈਨਿਕਾਂ ਲਈ ਐਕਸ-ਗ੍ਰੇਸ਼ੀਆ ਗ੍ਰਾਂਟ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਅਤੇ 25 ਫ਼ੀਸਦੀ ਤੋਂ 50 ਫ਼ੀਸਦੀ ਤੱਕ ਦਿਵਿਆਂਗ ਸੈਨਿਕਾਂ ਲਈ ਐਕਸ-ਗ੍ਰੇਸ਼ੀਆ ਗ੍ਰਾਂਟ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਗਈ ਹੈ। ਪੰਜਾਬ ਸਰਕਾਰ ‘ਦਿ ਈਸਟ ਪੰਜਾਬ ਵਾਰ ਐਵਾਰਡਜ਼ ਐਕਟ-1948’ ਤਹਿਤ ਉਨ੍ਹਾਂ ਮਾਪਿਆਂ ਨੂੰ ਵਿੱਤੀ ਸਹਾਇਤਾ ਵਜੋਂ ਜੰਗੀ ਜਗੀਰ ਪ੍ਰਦਾਨ ਕਰ ਰਹੀ ਹੈ, ਜਿੰਨ੍ਹਾਂ ਦੇ ਇਕਲੌਤੇ ਬੱਚੇ ਜਾਂ ਦੋ ਤੋਂ ਤਿੰਨ ਬੱਚੇ ਦੂਜੇ ਵਿਸ਼ਵ ਯੁੱਧ, ਕੌਮੀ ਐਮਰਜੈਂਸੀ 1962 ਅਤੇ 1971 ਦੌਰਾਨ ਭਾਰਤੀ ਫ਼ੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ। ਸੂਬਾ ਸਰਕਾਰ ਨੇ ਇਹ ਵਿੱਤੀ ਸਹਾਇਤਾ 10,000 ਰੁਪਏ ਸਾਲਾਨਾ ਤੋਂ ਵਧਾ ਕੇ 20,000 ਰੁਪਏ ਸਾਲਾਨਾ ਕਰ ਦਿੱਤੀ ਹੈ। ਪਹਿਲੀ ਤੇ ਦੂਜੀ ਵਿਸ਼ਵ ਜੰਗ ਵਿੱਚ ਹਿੱਸਾ ਲੈਣ ਵਾਲੇ 65 ਸਾਲ ਤੋਂ ਵੱਧ ਉਮਰ ਵਾਲੇ ਸਾਬਕਾ ਸੈਨਿਕਾਂ/ਜੰਗੀ ਵਿਧਵਾਵਾਂ ਜਿੰਨ੍ਹਾਂ ਨੂੰ ਬਿਨਾਂ ਕਿਸੇ ਪੈਨਸ਼ਨ ਲਾਭ ਦੇ ਘਰ ਭੇਜ ਦਿੱਤਾ ਗਿਆ ਸੀ, ਦੀ ਵਿੱਤੀ ਸਹਾਇਤਾ ਮੌਜੂਦਾ 6000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 10,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਧਰਮੀ ਫੌਜੀਆਂ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ 10 ਹਜ਼ਾਰ ਤੋਂ ਵਧਾ ਕੇ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ।ਆਜ਼ਾਦੀ ਘੁਲਾਟੀਏ ਸਾਡਾ ਮਾਣ ਹਨ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਆਜ਼ਾਦੀ ਸੰਗਰਾਮੀਆਂ ਪ੍ਰਤੀ ਆਪਣੇ ਸਤਿਕਾਰ ਦੇ ਸਨਮੁਖ ਸੂਬੇ ਦੇ ਆਜ਼ਾਦੀ ਘੁਲਾਟੀਆਂ ਜਾਂ ਉਨ੍ਹਾਂ ਦੇ ਵਾਰਸਾਂ ਨੂੰ ਮਿਲਦੀ ਪੈਨਸ਼ਨ ਨੂੰ 9400 ਤੋਂ ਵਧਾ ਕੇ 11,000 ਰੁਪਏ ਕਰ ਦਿੱਤਾ ਹੈ। ਸ੍ਰ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਪੂਰਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਪਿਛਲੇ ਕਰੀਬ 28 ਮਹੀਨਿਆਂ ਦੌਰਾਨ 44 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਇਹ ਸਿਲਸਿਲਾ ਜਾਰੀ ਹੈ।ਰੋਜ਼ਗਾਰ ਉਤਪਤੀ ਵਿਭਾਗ ਵੱਲੋਂ ਪਿਛਲੇ 28 ਮਹੀਨਿਆਂ ਦੌਰਾਨ ਸੂਬੇ ਵਿੱਚ 4208 ਪਲੇਸਮੈਂਟ ਕੈਂਪ ਲਗਾਏ ਗਏ, ਜਿਨ੍ਹਾਂ ਵਿੱਚ 2 ਲੱਖ 38 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੂੰ ਪ੍ਰਾਈਵੇਟ ਖੇਤਰ ਵਿੱਚ ਪਲੇਸਮੈਂਟ ਦੇ ਮੌਕੇ ਪ੍ਰਦਾਨ ਕੀਤੇ ਗਏ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵੀ ਵਚਨਬੱਧ ਹੈ। ਕੌਮੀ ਤੇ ਕੌਮਾਂਤਰੀ ਪੱਧਰ `ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਇਨਾਮਾਂ ਨਾਲ ਨਿਵਾਜਿਆ ਜਾ ਰਿਹਾ ਹੈ। ਹਾਲ ਹੀ ਵਿੱਚ 11 ਨਾਮੀ ਖਿਡਾਰੀਆਂ ਨੂੰ ਪੀ. ਸੀ. ਐੱਸ. ਅਤੇ ਡੀ. ਐੱਸ. ਪੀ. ਦੀ ਨੌਕਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਪਿਛਲੇ ਦੋ ਸਾਲਾਂ ਵਿੱਚ 24 ਹਜ਼ਾਰ 164 ਖਿਡਾਰੀਆਂ ਨੂੰ 75 ਕਰੋੜ ਰੁਪਏ ਦੀ ਨਗਦ ਇਨਾਮ ਰਾਸ਼ੀ ਵੰਡੀ ਗਈ।ਪੈਰਿਸ ਵਿਖੇ ਹੋਈਆਂ ਉਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਕੇ ਆਈ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਮੁੱਖ ਮੰਤਰੀ ਨੇ ਇੱਕ-ਇੱਕ ਕਰੋੜ ਰੁਪਏ ਦੇ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਸਾਲ 2023 ਵਿੱਚ ਨਵੀਂ ਖੇਡ ਨੀਤੀ ਬਣਾਈ ਗਈ। ਨਵੀਂ ਖੇਡ ਨੀਤੀ ਤਹਿਤ 1000 ਖੇਡ ਨਰਸਰੀ ਸਥਾਪਤ ਕੀਤੀਆਂ ਜਾ ਰਹੀਆਂ ਹਨ, ਜਿਸ ਦੀ ਸ਼ੁਰੂਆਤ ਪਹਿਲੇ ਫੇਜ਼ ਵਿੱਚ 260 ਨਰਸਰੀਆਂ ਤੋਂ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਹਨ।ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਨੂੰ ਪੂਰਾ ਕਰਦਿਆਂ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਇੰਨ੍ਹਾਂ ਕਲੀਨਿਕਾਂ `ਚ 80 ਤਰ੍ਹਾਂ ਦੀਆਂ ਦਵਾਈਆਂ ਅਤੇ 38 ਲੈਬ ਟੈਸਟ ਦੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇੰਨ੍ਹਾਂ ਕਲੀਨਿਕਾਂ ਵਿੱਚ ਹੁਣ ਤੱਕ ਕਰੀਬ 1 ਕਰੋੜ 70 ਲੱਖ ਲੋਕ ਇਲਾਜ ਦੀ ਸਹੂਲਤ ਲੈ ਚੁੱਕੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐੱਨ. ਡੀ. ਏ. ਅਤੇ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਲਈ ਮੁਫਤ ਕੋਚਿੰਗ ਸੈਂਟਰ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ।ਵਦਿਆਰਥੀਆਂ ਨੂੰ ਤਣਾਅ-ਮੁਕਤ ਸਿੱਖਿਆ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਕੂਲ ਆਫ਼ ਹੈਪੀਨੈੱਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।ਰਾਜ ਦੇ 137 ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਟਰਾਂਸਪੋਰਟੇਸ਼ਨ ਦੀ ਸਹੂਲਤ ਸ਼ੁਰੂ ਕੀਤੀ ਗਈ। ਸ੍ਰ. ਧਾਲੀਵਾਲ ਨੇ ਕਿਹਾ ਬਿਜਲੀ ਦੇ ਖੇਤਰ ਵਿੱਚ, ਪੰਜਾਬ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਾਈਵੇਟ ਕੰਪਨੀ ਜੀ. ਵੀ. ਕੇ. ਪਾਵਰ ਦੀ ਮਾਲਕੀ ਵਾਲਾ ਗੋਇੰਦਵਾਲ ਪਾਵਰ ਪਲਾਂਟ ਖ਼ਰੀਦ ਕੇ ਇਤਿਹਾਸ ਸਿਰਜਿਆ ਹੈ। ਇਸ ਪਲਾਂਟ ਦਾ ਨਾਮ ਤੀਜੇ ਪਾਤਿਸ਼ਾਹ ਦੇ ਨਾਮ ਉਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਿਆ ਗਿਆ ਹੈ। ਇਸ ਪਲਾਂਟ ਦੇ ਰਿਕਾਰਡ ਲੋਡ ਫੈਕਟਰ `ਤੇ ਚੱਲਣ ਅਤੇ ਪਛਵਾੜਾ ਕੋਲਾ ਖਾਣ ਤੋਂ ਇਸ ਲਈ ਸਸਤਾ ਕੋਲਾ ਮਿਲਣ ਸਦਕਾ ਸਸਤੀਆਂ ਦਰਾਂ `ਤੇ ਬਿਜਲੀ ਉਤਾਪਦਨ ਕਰਨ ਵਿੱਚ ਕਾਮਯਾਬੀ ਮਿਲੀ ਹੈ। ਉਹਨਾਂ ਕਿਹਾ ਕਿ ਸੂਬੇ ਵਾਸੀਆਂ ਨੂੰ ਉਨ੍ਹਾਂ ਦੇ ਦਰਾਂ ਉਤੇ 43 ਨਾਗਰਿਕ ਕੇਂਦਰਿਤ  ਸੇਵਾਵਾਂ ਪ੍ਰਦਾਨ ਕਰਨ ਲਈ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਸਕੀਮ ਸ਼ੁਰੂ ਕੀਤੀ ਗਈ ਹੈ। ਹੁਣ ਨਾਗਰਿਕ ਕਿਸੇ ਵੀ ਸਰਕਾਰੀ ਦਫ਼ਤਰ ਦੇ ਚੱਕਰ ਲਗਾਉਣ ਦੀ ਬਜਾਏ ਆਪਣੇ ਘਰ ਬੈਠੇ ਹੀ 1076 ਉਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਸੇਵਾ ਹਾਸਲ ਕਰ ਸਕਦੇ ਹਨ।ਇਸ ਤੋਂ ਇਲਾਵਾ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਸੂਬੇ ਭਰ ਵਿਚ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ ਤਾਂ ਜੋ ਨਾਗਿਰਕਾਂ ਦੀਆਂ ਸ਼ਿਕਾਇਤਾਂ ਦਾ ਮੌਕੇ ਉਤੇ ਨਿਪਟਾਰਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪੰਝਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਸਾਲ 2023-24 ਦੌਰਾਨ ਝੋਨੇ ਦੀ ਸਿੱਧੀ ਬਿਜਾਈ ਲਈ 17 ਹਜ਼ਾਰ 112 ਕਿਸਾਨਾਂ ਨੂੰ 20 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ।ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2024-25 ਦੌਰਾਨ ਪਰਾਲੀ ਦੀ ਸਾਂਭ-ਸੰਭਾਲ ਲਈ 500 ਕਰੋੜ ਰੁਪਏ ਦੀ ਕਾਰਜ ਯੋਜਨਾ ਉਲੀਕੀ ਗਈ ਹੈ ਜਿਸ ਤਹਿਤ ਕਿਸਾਨ ਸਮੂਹਾਂ/ਪੰਚਾਇਤਾਂ ਨੂੰ 80 ਫ਼ੀਸਦੀ ਸਬਸਿਡੀ ਅਤੇ ਵਿਅਕਤੀਗਤ ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ `ਤੇ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ। ਹੁਣ ਤੱਕ ਕਿਸਾਨਾਂ ਨੂੰ 1 ਲੱਖ 30 ਹਜ਼ਾਰ ਤੋਂ ਵੱਧ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਲਈ 19 ਸਰਕਾਰੀ ਵਾਲਵੋ ਬੱਸਾਂ ਚਲਾਈਆਂ ਗਈਆਂ, ਜਿਸ ਨਾਲ ਲੋਕਾਂ ਨੂੰ ਸਸਤਾ ਅਤੇ ਆਰਾਮਦਾਇਕ ਸਫ਼ਰ ਮਿਲ ਰਿਹਾ ਹੈ।ਇਸੇ ਤਰ੍ਹਾਂ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫ਼ਰ ਸਹੂਲਤ ਨੂੰ ਜਾਰੀ ਰੱਖਦਿਆਂ ਮਾਰਚ 2022 ਤੋਂ 15 ਜੁਲਾਈ, 2024 ਤੱਕ ਸੂਬੇ ਦੀਆਂ ਔਰਤਾਂ ਨੇ ਕੁੱਲ 32 ਕਰੋੜ 46 ਲੱਖ ਵਾਰ ਮੁਫ਼ਤ ਸਫ਼ਰ ਕੀਤਾ, ਜਿਸ ਉਤੇ ਸਰਕਾਰ ਨੇ 1548 ਕਰੋੜ ਰੁਪਏ ਤੋਂ ਵੱਧ ਰਾਸ਼ੀ ਖ਼ਰਚ ਕੀਤੀ ਹੈ। ਇਸ ਨਾਲ ਹੀ ਮਾਨ ਸਰਕਾਰ ਵੱਲੋਂ ਸੁਤੰਤਰਤਾ ਸੰਗਰਾਮੀਆਂ ਤੇ ਉਨ੍ਹਾਂ ਦੇ ਯੋਗ ਵਾਰਸਾਂ ਨੂੰ ਵੀ ਮੁਫ਼ਤ ਸਫ਼ਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ‘ਸੜਕ ਸੁਰੱਖਿਆ ਫੋਰਸ’ ਲੋਕਾਂ ਨੂੰ ਸਮਰਪਿਤ ਕੀਤੀ ਹੈ। 5 ਹਜ਼ਾਰ ਜਵਾਨਾਂ ਵਾਲੀ ਇਸ ਫੋਰਸ ਨੂੰ 144 ਅਤਿ-ਆਧੁਨਿਕ ਗੱਡੀਆਂ ਦਿੱਤੀਆਂ ਗਈਆਂ ਹਨ । ਇਸ ਸਦਕਾ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਸੜਕ ਹਾਦਸਿਆਂ ਵਿੱਚ ਮੌਤਾਂ ਦੀ ਦਰ ਵਿੱਚ 25 ਫ਼ੀਸਦੀ ਕਮੀ ਆਈ ਹੈ। ਇਸੇ ਤਰ੍ਹਾਂ ਮਾਨ ਸਰਕਾਰ ਨੇ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਜਿਸ ਤਹਿਤ ਸੜਕ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਆਮ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਸਹਾਇਤਾ ਕਰਨ ਵਾਲੇ ‘ਫਰਿਸ਼ਤੇ’ ਨੂੰ 2000 ਰੁਪਏ ਦੀ ਇਨਾਮੀ ਰਾਸ਼ੀ ਦੇਣ ਤੋਂ ਇਲਾਵਾ ਪ੍ਰਸੰਸਾ ਪੱਤਰ ਦਿੱਤਾ ਜਾ ਰਿਹਾ ਹੈ। ਸਾਡੀ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਹੁਣ ਤੱਕ 3000 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੀ ਕਰੀਬ 12,341 ਏਕੜ ਜ਼ਮੀਨ ਨੂੰ ਕਬਜ਼ਾ-ਮੁਕਤ ਕਰਵਾਇਆ ਗਿਆ ਹੈ। ਐੱਨ. ਆਰ. ਆਈਜ਼. ਦੀ ਸਹੂਲਤ ਲਈ ਨਵੀਂ ਦਿੱਲੀ ਵਿਖੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉਤੇ ਇੰਟਰਨੈਸ਼ਨਲ ਟਰਮੀਨਲ ਦੇ ਅਰਾਈਵਲ ਹਾਲ (ਪਹੁੰਚ ਹਾਲ) ਵਿਖੇ ਫੈਸਿਲੀਟੇਸ਼ਨ ਸੈਂਟਰ ਸਥਾਪਤ ਕਰ ਦਿੱਤਾ ਹੈ। ਇਹ ਕੇਂਦਰ 24 ਘੰਟੇ ਖੁੱਲ੍ਹਾ ਰਹੇਗਾ ਅਤੇ ਟਰਮੀਨਲ ਵਿਖੇ ਪਹੁੰਚਣ ਵਾਲੇ ਸਾਰੇ ਐਨ. ਆਰ. ਆਈਜ਼ ਅਤੇ ਹੋਰ ਮੁਸਾਫਰਾਂ ਨੂੰ ਫਲਾਈਟਾਂ ਸਬੰਧੀ, ਟੈਕਸੀ ਸੇਵਾਵਾਂ, ਸਮਾਨ ਗੁਆਚਣ ਬਾਰੇ ਮੱਦਦ ਲਈ ਸਹੂਲਤਾਂ ਸਮੇਤ ਹੋਰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਤਰਨਤਾਰਨ ਵਿੱਚ ਵਿੱਚ 524 ਕਿਸਾਨਾਂ ਵੱਲੋਂ 3093 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਜਿਸ ਤਹਿਤ ਜ਼ਿਲਾ ਤਰਨਤਾਰਨ ਦੇ ਕਿਸਾਨਾਂ ਨੂੰ 46,39,500 ਰੁਪਏ ਸਿੱਧੀ ਬਿਜਾਈ ਦਾ ਮਾਣਭੱਤਾ ਦਿੱਤਾ ਜਾ ਰਿਹਾ ਹੈ।ਪਰਾਲੀ ਦੀ ਸਾਂਭ ਸੰਭਾਲ ਸਬੰਧੀ ਸਾਲ 2023-24 ਦੌਰਾਨ ਕਿਸਾਨਾਂ ਨੂੰ 681 ਮਸ਼ੀਨਾਂ ਸਬਸਿਡੀ ‘ਤੇ ਦਿੱਤੀਆਂ ਗਈਆਂ ਅਤੇ 7,09,68,490 ਰੁਪਏ ਦੀ ਸਬਸਿਡੀ ਜਾਰੀ ਕੀਤੀ ਗਈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਪਾਲਿਸੀ ਅਧੀਨ ਤਰਨਤਾਰਨ ਜਿਲੇ ਦੇ ਅੰਦਰ ਪੀ. ਐਸ. ਪੀ. ਸੀ. ਐੱਲ ਵੱਲੋਂ ਲੱਗਭਗ 2,51,445 ਘਰੇਲੂ ਖਪਤਕਾਰਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ।ਇਸ ਨਾਲ ਲੱਗਭੱਗ 83 ਪ੍ਰਤੀਸ਼ਤ ਖਪਤਕਾਰ ਨੂੰ ਲਾਭ ਮਿਲ ਰਿਹਾ ਹੈ। ਸ੍ਰ. ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਆਰੰਭ ਕੀਤੇ ਗਏ ਯਤਨਾਂ ਤਹਿਤ ਜ਼ਿਲਾ ਤਰਨ ਤਾਰਨ ਦੇ ਲਾਭਪਾਤਰੀਆਂ ਲਈ ਅਪ੍ਰੈਲ, 2023 ਤੋਂ ਜਨਵਰੀ, 2024 ਤੱਕ ਪ੍ਰਾਪਤ ਕੇਸਾਂ ਦੇ 1359 ਲਾਭਪਾਤਰੀਆਂ ਨੂੰ 06 ਕਰੋੜ 93 ਲੱਖ 09 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸਿਹਤ ਵਿਭਾਗ ਤਰਨ ਤਾਰਨ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਉਹਨਾਂ ਦੇ ਘਰਾਂ ਦੇ ਨੇੜੇ ਹੀ ਮੁਹੱਈਆ ਕਰਵਾਉਣ ਲਈ 29 ਆਮ ਆਦਮੀ ਕਲੀਨਿਕ ਚਲਾਏ ਰਹੇ ਹਨ।ਇਹਨਾਂ ਆਮ ਆਦਮੀ ਕਲੀਨਿਕਾਂ ਰਾਹੀਂ ਲਗਭਗ 1 ਲੱਖ 60 ਹਜ਼ਾਰ ਮਰੀਜ਼ ਮੁਫ਼ਤ ਇਲਾਜ ਦੀ ਸਹੂਲਤ ਦਾ ਲਾਭ ਲੈ ਚੁੱਕੇ ਹਨ ਅਤੇ ਮਰੀਜ਼ਾਂ ਦੇ ਮੈਡੀਕਲ ਟੈਸਟ ਮੁਫਤ ਕੀਤੇ ਜਾ ਚੁੱਕੇ ਹਨ। ਇਸ ਮੌਕੇ ਮੁੱਖ ਮਹਿਮਾਨ ਸ੍ਰ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਅਤੇ ਸ਼ਹੀਦਾਂ ਦੀਆਂ ਪਤਨੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਤੇ ਟਰਾਈ ਸਾਈਕਲ ਵੀ ਭੇਂਟ ਕੀਤੇ ਗਏ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੀਆਂ ਸਖਸ਼ੀਅਤਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਵੱਲੋਂ 16 ਅਗਸਤ ਨੂੰ ਜ਼ਿਲਾ ਤਰਨ ਤਾਰਨ ਦੇ ਵਿੱਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਗੁਰਪ੍ਰੀਤ ਸਿੰਘ ਥਿੰਦ, ਐੱਸ. ਡੀ. ਐੱਮ. ਸ੍ਰੀ ਸਿਮਰਨਦੀਪ ਸਿੰਘ, ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਸ੍ਰੀ ਗੁਰਵਿੰਦਰ ਸਿੰਘ ਬਹਿੜਵਾਲ, ਸ੍ਰੀ ਗੁਰਦੇਵ ਸਿੰਘ ਲਾਖਣਾ ਚੇਅਰਮੈਨ ਵੇਅਰ ਹਾਊਸ ਕਾਰਪੋਰੇਸ਼ਨ, ਸ੍ਰੀ ਰਣਜੀਤ ਸਿੰਘ ਚੀਮਾ ਚੇਅਰਮੈਨ ਵਾਟਰ ਰਿਸੋਰਸ ਮੈਨੇਜਮੈਂਟ ਅਤੇ ਸ੍ਰੀ ਰਜਿੰਦਰ ਸਿੰਘ ਉਸਮਾਂ ਚੇਅਰਮੈਨ ਨਗਰ ਸੁਧਾਰ ਟਰੱਸਟ ਤਰਨ ਤਾਰਨ ਤੋਂ ਇਲਾਵਾ ਸਿਵਲ ਤੇ ਪੁਲਿਸ ਅਧਿਕਾਰੀ ਤੇ ਮੋਹਤਬਰ ਵਿਅਕਤੀ ਹਾਜ਼ਰ ਸਨ।