ਕਿਲ੍ਹਾ ਗੋਬਿੰਦਗੜ੍ਹ ਦੀ ਤੋਸ਼ਾਖ਼ਾਨਾ ਇਮਾਰਤ ਦਾ ਅੰਦਰੂਨੀ ਢਾਂਚਾ ਬਣਿਆ ਬੁਝਾਰਤ

ਅੰਮਿ੍ਤਸਰ 'ਚ ਮੌਜੂਦ ਕਿਲ੍ਹਾ ਗੋਬਿੰਦਗੜ੍ਹ ਦੇ ਤੋਸ਼ਾਖ਼ਾਨਾ ਦੀ ਵਿਸ਼ਾਲ ਇਮਾਰਤ ਦਾ ਅੰਦਰੂਨੀ ਢਾਂਚਾ ਕਿਲ੍ਹਾ ਵੇਖਣ ਆਉਣ ਵਾਲੇ ਦਰਸ਼ਕਾਂ ਸਮੇਤ ਇਤਿਹਾਸਕਾਰਾਂ ਲਈ ਅਜੇ ਵੀ ਇਕ ਬੁਝਾਰਤ ਬਣਿਆ ਹੋਇਆ ਹੈ | ਤੋਸ਼ਾਖ਼ਾਨਾ ਦੀ ਉਕਤ ਇਮਾਰਤ ਦਾ ਨਿਰਮਾਣ ਸਿੱਖ ਰਾਜ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਕਿਲ੍ਹਾ ਗੋਬਿੰਦਗੜ੍ਹ ਦੀ ਉਸਾਰੀ ਦੇ 4 ਸਾਲ ਬਾਅਦ ਬੇਸ਼ਕੀਮਤੀ ਕੋਹੇਨੂਰ ਹੀਰੇ ਦੀ ਸੁਰੱਖਿਆ ਹਿੱਤ ਕਰਵਾਇਆ ਸੀ ਤੇ ਇੱਥੇ ਉਕਤ ਹੀਰੇ ਸਮੇਤ ਹੋਰ ਬਹੁਮੁੱਲਾ ਖ਼ਜ਼ਾਨਾ ਤੇ ਇਲਾਕੇ ਦੇ ਮਾਲੀਏ ਨਾਲ ਸਬੰਧਿਤ ਦਸਤਾਵੇਜ਼ ਰੱਖੇ ਜਾਂਦੇ ਸਨ | ਕਿਲ੍ਹੇ ਦੇ ਅੱਧ ਵਿਚਕਾਰ ਉਸਾਰੀ ਗਈ ਤੋਸ਼ਾਖ਼ਾਨਾ ਦੀ ਇਹ ਇਮਾਰਤ ਕਰੀਬ 22 ਫੁੱਟ ਉੱਚੇ ਵਿਸ਼ਾਲ ਥੜ੍ਹੇ 'ਤੇ ਉਸਾਰੀ ਗਈ ਹੈ, ਜਿੱਥੇ ਪਹੁੰਚਣ ਲਈ ਸਮਾਰਕ ਦੇ ਦੋਵੇਂ ਪਾਸੇ ਗੁਲਾਈ 'ਚ ਚੌੜੀਆਂ ਖੁੱਲ੍ਹੀਆਂ ਪੌੜੀਆਂ ਬਣਾਈਆਂ ਗਈਆਂ ਹਨ | ਇਸ ਥੜ੍ਹੇ ਦੇ ਹੇਠਾਂ ਨਾਨਕਸ਼ਾਹੀ ਇੱਟਾਂ ਨਾਲ ਉਸਾਰੀ ਇਮਾਰਤ ਨੂੰ ਸਿੱਖ ਰਾਜ ਵੇਲੇ ਜਾਂ ਅੰਗਰੇਜ਼ੀ ਸ਼ਾਸਨ ਦੌਰਾਨ ਕਿਸ ਮਕਸਦ ਹਿੱਤ ਇਸਤੇਮਾਲ ਕੀਤਾ ਜਾਂਦਾ ਰਿਹਾ ਤੇ ਇਮਾਰਤ ਦੇ ਢਾਂਚੇ ਦੀ ਬਨਾਵਟ ਕਿਸ ਪ੍ਰਕਾਰ ਦੀ ਹੈ, ਇਸ ਬਾਰੇ ਕਿਸੇ ਪੁਸਤਕ ਜਾਂ ਇਤਿਹਾਸਕ ਦਸਤਾਵੇਜ਼ 'ਚ ਕਿਸੇ ਪ੍ਰਕਾਰ ਦੀ ਕੋਈ ਪੁਖ਼ਤਾ ਜਾਣਕਾਰੀ ਦਰਜ ਨਹੀਂ ਹੈ | ਕਿਲ੍ਹਾ ਖੋਲ੍ਹੇ ਜਾਣ ਦੇ ਬਾਅਦ ਤੋਂ ਲਗਾਤਾਰ ਉਕਤ ਤੋਸ਼ਾਖ਼ਾਨਾ ਦੀ ਇਮਾਰਤ ਦੇ ਹੇਠਾਂ ਆਧੁਨਿਕ ਲੇਜ਼ਰ ਤਕਨੀਕ ਦੀ ਸਹਾਇਤਾ ਨਾਲ ਜਾਂ ਖੁਦਾਈ ਕਰਵਾ ਕੇ ਇਸ ਬਾਰੇ ਪਤਾ ਲਗਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ | ਇਹ ਵੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਤੋਸ਼ਾਖ਼ਾਨਾ ਦੇ ਥੜ੍ਹੇ ਦੇ ਹੇਠਾਂ ਖੁਦਾਈ ਕਰਨ 'ਤੇ ਸਿੱਖ ਰਾਜ ਨਾਲ ਸਬੰਧਿਤ ਕਈ ਮਹੱਤਵਪੂਰਨ ਨਿਸ਼ਾਨੀਆਂ ਜ਼ਾਹਿਰ ਹੋ ਸਕਦੀਆਂ ਹਨ | ਸੈਰ ਸਪਾਟਾ ਵਿਭਾਗ ਤੇ ਕਿਲ੍ਹਾ ਗੋਬਿੰਦਗੜ੍ਹ ਦੇ ਮੌਜੂਦਾ ਪ੍ਰਬੰਧਕਾਂ ਵਲੋਂ ਤੋਸ਼ਾਖ਼ਾਨਾ ਦੀ ਇਮਾਰਤ ਨੂੰ ਜਾਣਕਾਰੀ ਦੀ ਕਮੀ ਦੇ ਚੱਲਦਿਆਂ ਜਨਤਕ ਤੌਰ 'ਤੇ ਜਲਿ੍ਹਆਂਵਾਲਾ ਬਾਗ਼ ਖ਼ੂਨੀ ਸਾਕੇ ਦੇ ਖਲਨਾਇਕ ਜਨਰਲ ਆਰ. ਈ. ਐਚ. ਡਾਇਰ ਦੀ ਕਥਿਤ ਕੋਠੀ ਦੱਸਿਆ ਜਾਂਦਾ ਰਿਹਾ ਹੈ | ਇਸ ਸੰਬੰਧੀ ਵਿਰੋਧ ਉੱਠਣ 'ਤੇ ਬਾਅਦ 'ਚ ਕਿਲ੍ਹੇ 'ਚ ਲਗਾਏ ਨਵੇਂ ਨਕਸ਼ਿਆਂ 'ਚੋਂ ਡਾਇਰ ਬੰਗਲੇ ਨੂੰ ਗ਼ਾਇਬ ਕਰਦਿਆਂ 'ਡਾਇਰ' ਦੇ ਨਾਂ 'ਤੇ ਸਫ਼ੈਦ ਸਟਿੱਕਰ ਚਿਪਕਾ ਦਿੱਤੇ ਗਏ | ਇਸ ਦੇ ਨਾਲ ਹੀ ਕਿਲ੍ਹੇ ਵਿਚ ਸੈਨਿਕਾਂ ਦੀਆਂ ਬੈਰਕਾਂ ਦੇ ਨਾਲ ਲਗਦੇ ਕਿਲ੍ਹੇ ਦੇ ਸਿਵਲ ਗਵਰਨਰ ਫ਼ਕੀਰ ਇਮਾਮੂਦੀਨ ਦੇ ਨਿਵਾਸ ਵਾਲੇ ਕਮਰੇ ਨੂੰ ਅਜੇ ਵੀ ਸਿੱਖ ਰਾਜ ਦਾ ਤੋਸ਼ਾਖ਼ਾਨਾ ਦੱਸ ਕੇ ਸੈਲਾਨੀਆਂ ਤੇ ਹੋਰਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ | ਮੌਜੂਦਾ ਸਮੇਂ ਸਿੱਖ ਰਾਜ ਦੇ ਉਕਤ ਤੋਸ਼ਾਖ਼ਾਨਾ ਨੂੰ ਕਾਲੋਨੀਅਲ ਹਾਊਸ ਦਾ ਨਾਂ ਦਿੰਦਿਆਂ ਇਸ ਵਿਚ ਸਿੱਖ ਰਾਜ ਨਾਲ ਸਬੰਧਿਤ ਅਜਾਇਬ-ਘਰ ਕਾਇਮ ਕੀਤਾ ਗਿਆ ਹੈ |