ਪਾਕਿਸਤਾਨ : ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅੱਤਵਾਦੀ ਹਰਵਿੰਦਰ ਰਿੰਦਾ ਦੀ ਪਾਕਿਸਤਾਨ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਾਫੀ ਸਮੇਂ ਤੋਂ ਬੀਮਾਰ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਉਸ ਦੀ ਮੌਤ ਹੋਈ ਹੈ। ਹਾਲਾਂਕਿ ਇਸ ਦੀ ਸਰਕਾਰ ਵੱਲੋਂ ਜਾਂ ਖੁਫੀਆ ਏਜੰਸੀਆਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਖੁਫੀਆ ਏਜੰਸੀਆਂ ਨੂੰ ਇਸ ਨੂੰ ਲੈ ਕੇ ਵੀ ਨਜ਼ਰ ਰਖਣੀ ਪਏਗੀ ਕਿ ਕਿਤੇ ਇਹ ਅਫਵਾਹ ਤਾਂ ਨਹੀਂ ਫੈਲਾਈ ਗਈ ਕਿ ਮੌਤ ਦਾ ਨਾਟਕ ਰਚ ਕੇ ਕਿਸੇ ਹੋਰ ਨਾਂ ਤੋਂ ਫਿਰ ਪੰਜਾਬ ਵਿੱਚ ਅੱਤਵਾਦੀਆਂ ਸਰਗਰਮੀਆਂ ਨੂੰ ਅੰਜਾਮ ਦੇਣ ਨਾ ਲੱਗ ਜਾਵੇ। ਦੱਸ ਦੇਈਏ ਕਿ ਪੰਜਾਬ ਸਰਕਾਰ ਤੇ ਏਜੰਸੀਆਂ ਵੱਲੋਂ ਲੰਮੇ ਸਮੇਂ ਤੋਂ ਰਿੰਦਾ ਦੀ ਭਾਲ ਕੀਤੀ ਜਾ ਰਹੀ ਸੀ। ਉਸ ਨੇ ਪਾਕਿਸਤਾਨ ਵਿੱਚ ਬੈਠ ਕੇ ਪੰਜਾਬ ਵਿੱਚ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਸ ਦਾ ਨੈਟਵਰਕ ਪੰਜਾਬ ਵਿੱਚ ਚਲਾਇਆ ਜਾ ਰਿਹਾ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਗਾਇਕ ਨੂੰ ਰਿੰਦਾ ਵੱਲੋਂ ਵੀ ਫੋਨ ‘ਤੇ ਧਮਕੀ ਮਿਲੀ ਸੀ। ਇਸ ਦੇ ਨਾਲ ਹੀ ਐਨਕਾਊਂਟਰ ਵਿੱਚ ਮਾਰੇ ਗਏ ਦੋ ਸ਼ੂਟਰ ਮਨੂ ਤੇ ਜਗਰੂਪ ਰੂਪਾ ਬਾਰੇ ਵੀ ਇਹੀ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੇ ਬਾਰਡਰ ਪਾਰ ਕਰਕੇ ਜਾਣਾ ਸੀ।