ਕੈਨੇਡਾ : ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਸੰਗਤ ਦੇ ਨਾਂ ਇਕ ਬੇਨਤੀ ਵਿਚ ਕਿਹਾ ਹੈ ਕਿ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਪ੍ਰਭੂ ਰੂਪ ਸਤਿਗੁਰੂ ਸਨ ਅਤੇ ਉਨ੍ਹਾਂ ਨੂੰ ਸਿਰਫ ਸਮਾਜ ਸੁਧਾਰਕ ਅਤੇ ਚੰਗੇ ਵਕਤਾ ਹੋਣ ਤੱਕ ਹੀ ਸੀਮਤ ਨਾ ਕੀਤਾ ਜਾਵੇ। ਉਨ੍ਹਾਂ ਗੁਰਬਾਣੀ ਦੇ ਹਵਾਲੇ ਨਾਲ ਕਿਹਾ ਹੈ ਕਿ ਗੁਰਬਾਣੀ ਵਿਚ ਦਰਜ ਹੈ "ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸਿ ਨ ਪਰਿਆ ਰੇ॥"(ਮ.੫) ਅਰਥਾਤ ਜਿਸ ਨੇ ਵੀ ਸਤਿਗੁਰੂ ਨਾਨਕ ਦੇਵ ਜੀ ਦਾ ਨਾਮ ਸੁਣ ਲਿਆ, ਦਰਸ਼ਨ ਕਰ ਲਏ, ਉਸ ਦਾ ਜਨਮ ਮਰਨ ਕੱਟਿਆ ਗਿਆ ਅਤੇ ਉਹ ਮੁੜ ਕੇ ਗਰਭ ਵਿੱਚ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਹ ਸਭ ਗੁਣ ਤਾਂ ਸਿਰਫ ਪ੍ਰਭੂ ਰੂਪ ਪ੍ਰੱਤਖ ਸਤਿਗੁਰੂ 'ਤੇ ਹੀ ਲਾਗੂ ਹੋ ਸਕਦੇ ਹੈ। ਕਿਸੇ ਸਮਾਜ ਸੁਧਾਰਕ ਦੇ ਦਰਸ਼ਨ ਕੀਤਿਆਂ ਜਾਂ ਉਸਦਾ ਨਾਮ ਸੁਣਿਆ ਅਸਾਡਾ ਜਨਮ-ਮਰਨ ਨਹੀਂ ਕੱਟਿਆ ਜਾ ਸਕਦਾ।ਇਸ ਕਰਕੇ ਆਪਾਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਮਾਜ ਸੁਧਾਰਕ ਨਾ ਬਣਾਈਏ ਅਤੇ ਇਹ ਨਾ ਆਖੀਏ ਕਿ ਉਹ ਸਿਰਫ ਸਮਾਜ ਸੁਧਾਰਕ ਸਨ ਅਤੇ ਚੰਗੇ ਵਕਤਾ ਸਨ। ਅਸਾਡੇ ਗੁਰੂ ਜੀ ਪ੍ਰਭੂ ਰੂਪ "ਸਤਿਗੁਰੂ" ਸਨ, ਜਿਹਨਾਂ ਵਿਚ ਪ੍ਰਭੂ ਵਾਲੀਆਂ ਸ਼ਕਤੀਆਂ ਸਨ।ਗੁਰੂ ਜੀ ਨੇ ਕਰਾਮਾਤਾਂ ਵਿਖਾਈਆਂ ਤਾਂ ਹੀ ਕਰੋੜਾਂ ਲੋਕ ਉਨਾ ਦੇ ਸਿੱਖ ਜਾਂ ਮੁਰੀਦ ਬਣੇ। ਇਸ ਕਰਕੇ ਅਸੀਂ ਉਹਨਾਂ ਨੂੰ ਪ੍ਰਭੂ ਰੂਪ "ਸਤਿਗੁਰੂ" ਹੀ ਮੰਨੀਏ। ਉਹ ਹੀ ਸੰਸਾਰ ਦੇ ਭਵਸਾਗਰ ਤੋਂ ਅਸਾਡਾ ਪਾਰ ਉਤਾਰਾ ਕਰ ਸਕਦੇ ਹਨ।