ਕਨੇਡਾ ਦੀ ਬੈਂਕਿੰਗ ਸੈਕਟਰ ਵਿੱਚ ਮਸ਼ਹੂਰ ਮੰਨੀ ਪ੍ਰਮੰਨੀ ਸਖ਼ਸ਼ੀਅਤ ਖਾਲਸਾ ਕਰੈਡਿਟ ਯੂਨੀਅਨ ਦੇ ਫਾਊਂਡਰ ਰਿਪੂਦਮਨ ਸਿੰਘ ਮਲਿਕ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਉਹ 128 ਸਟਰੀਟ ਉੱਤੇ 82 ਐਵੀਨਿਊ ਵਿਖੇ ਸਥਿਤ ਆਪਣੇ ਕੱਪੜੇ ਦੇ ਵੇਅਰਹਾਊਸ ਵਿੱਚ ਕਿਸੇ ਕੰਮ ਸਬੰਧੀ ਆਏ ਸਨ, ਜਿੱਥੇ ਉਹਨਾਂ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ । ਰਿਪੂਦਮਨ ਸਿੰਘ ਮਲਿਕ ਕਨੇਡਾ ਸਥਿਤ ਮਸ਼ਹੂਰ ਵਿਦਿਅਕ ਅਦਾਰੇ ਸਤਨਾਮ ਐਜੂਕੇਸ਼ਨ ਸੋਸਾਇਟੀ ਦੇ ਵੀ ਫਾਊਂਡਰ ਸਨ , ਜਿਹਨਾਂ ਨੇ 1986 ਵਿੱਚ ਪਹਿਲਾ ਖਾਲਸਾ ਸਕੂਲ ਵੈਨਕੂਵਰ ਅਤੇ 1992 ਵਿੱਚ ਦੂਸਰਾ ਵਿਦਿਅਕ ਅਦਾਰਾ ਖਾਲਸਾ ਸਕੂਲ ਸਰ੍ਹੀ ਖੋਲ੍ਹਿਆ ਸੀ । ਇਹ ਦੋਵੇਂ ਸਕੂਲ ਕਨੇਡਾ ਦੇ ਮੰਨੇ-ਪ੍ਰਮੰਨੇ ਸਕੂਲਾਂ ਵਿੱਚ ਜਾਣੇ ਜਾਂਦੇ ਹਨ ।
ਜਿਕਰਯੋਗ ਹੈ ਕਿ 23 ਜੂਨ 1985 ਵਿੱਚ ਏਅਰ ਇੰਡੀਆ ਦੀ ਫਲਾਈਟ ਵਿੱਚ ਹੋਏ ਬੰਬ ਧਮਾਕੇ ਦੇ ਕੇਸ ਵਿੱਚ ਉਨ੍ਹਾਂ ‘ਤੇ ਸ਼ਾਮਲ ਹੋਣ ਦੇ ਵੀ ਇਲਜ਼ਾਮ ਲੱਗੇ ਸਨ, ਜਿਸ ਵਿੱਚ 329 ਯਾਤਰੀ ਮਾਰੇ ਗਏ ਸਨ ਅਤੇ ਇਹਨਾਂ ਵਿੱਚੋਂ 268 ਇੱਕਲੇ ਕਨੇਡਾ ਦੇ ਯਾਤਰੀ ਸਨ ।