ਪਾਕਿਸਤਾਨੀ ਫ਼ੌਜ ਨੇ 8 ਤਾਲਿਬਾਨੀ ਫ਼ੌਜੀ ਮਾਰੇ 

ਇਸਲਾਮਾਬਾਦ, 09 ਅਗਸਤ 2024 : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਨੇੜੇ ਸਰਹੱਦੀ ਖੇਤਰ 'ਚ ਪਾਕਿਸਤਾਨੀ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਦੋ ਪ੍ਰਮੁੱਖ ਕਮਾਂਡਰਾਂ ਸਮੇਤ 8 ਅਫ਼ਗਾਨ ਤਾਲਿਬਾਨ ਫ਼ੌਜੀ ਮਾਰੇ ਗਏ ਹਨ। ਖੁਰੱਮ ਸਰਹੱਦੀ ਜ਼ਿਲੇ 'ਚ ਹਫ਼ਤੇ ਦੇ ਅੰਤ 'ਚ ਗੋਲੀਬਾਰੀ 'ਚ 16 ਫ਼ੌਜੀ ਜ਼ਖ਼ਮੀ ਵੀ ਹੋਏ ਸਨ। ਅਫ਼ਗਾਨ ਪੱਖ ਨੇ ਸ਼ਨੀਵਾਰ ਸਵੇਰੇ ਪਾਕ-ਅਫ਼ਗਾਨਿਸਤਾਨ ਸਰਹੱਦ 'ਤੇ ਪਲੋਸ਼ਿਨ ਖੇਤਰ 'ਚ ਪਾਕਿਸਤਾਨੀ ਚੈਕ ਪੋਸਟ 'ਤੇ ਭਾਰੀ ਹਥਿਆਰਾਂ ਨਾਲ ਹਮਲਾ ਕੀਤਾ। ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸ ਪਬਲਿਕ ਰਿਲੇਸ਼ਨਜ਼ ਵੱਲੋਂ ਇਸ ਘਟਨਾ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਫ਼ਗਾਨ ਸੈਨਿਕਾਂ ਅਤੇ ਪਾਕਿਸਤਾਨੀ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਅਫ਼ਗਾਨ ਤਾਲਿਬਾਨ ਪਾਕਿਸਤਾਨ ਦੇ ਅੰਦਰ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਅੰਤਰਰਾਸ਼ਟਰੀ ਸਰਹੱਦ 'ਤੇ ਬਲਾਂ 'ਤੇ ਖੁੱਲ੍ਹੇਆਮ ਹਮਲੇ ਕਰ ਰਹੇ ਹਨ। ਤਣਾਅਪੂਰਨ ਸਥਿਤੀ ਦੇ ਕਾਰਨ ਹਫ਼ਤੇ ਦੇ ਅੰਤ ਤੱਕ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਮੁਅੱਤਲ ਰਿਹਾ। ਐਤਵਾਰ ਨੂੰ ਵੀ ਸਰਹੱਦ 'ਤੇ ਰੁਕ-ਰੁਕ ਕੇ ਗੋਲੀਬਾਰੀ ਹੋਣ ਦੀਆਂ ਖ਼ਬਰਾਂ ਆਈਆਂ ਸਨ ਪਰ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਸ ਦੌਰਾਨ, ਐਤਵਾਰ ਨੂੰ ਪਾਕਿਸਤਾਨ ਦੇ ਕੁਰੱਮ ਦੇ ਮਰਘਨ ਵਿੱਚ ਇੱਕ ਅੱਤਵਾਦੀ ਹਮਲੇ ਵਿੱਚ ਅਰਧ ਸੈਨਿਕ ਫਰੰਟੀਅਰ ਕੋਰ ਦਾ ਇੱਕ ਅਧਿਕਾਰੀ ਮਾਰਿਆ ਗਿਆ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ।