
ਬੀਜਿੰਗ, 11 ਅਪ੍ਰੈਲ 2025 : ਅਮਰੀਕਾ ਅਤੇ ਚੀਨ ਵਿਚਕਾਰ ਟ੍ਰੇਡ ਵਾਰ ਰੁਕਣ ਦਾ ਨਾਂ ਨਹੀਂ ਲੈ ਰਹੀ। ਡੋਨਾਲਡ ਟਰੰਪ ਨੇ ਕਈ ਦੇਸ਼ਾਂ 'ਤੇ ਰੈਸੀਪ੍ਰੋਕਲ ਟੈਰਿਫ਼ ਦਾ ਐਲਾਨ ਕੀਤਾ ਹੋਵੇ, ਪਰ ਚੀਨ ਉਨ੍ਹਾਂ ਦੇ ਨਿਸ਼ਾਨੇ 'ਤੇ ਹੈ। ਚੀਨ ਵੀ ਇਸ ਸਥਿਤੀ ਨੂੰ ਮੰਨਣ ਲਈ ਤਿਆਰ ਨਹੀਂ ਅਤੇ ਉਹ ਵੀ ਅਮਰੀਕਾ 'ਤੇ ਜਵਾਬੀ ਟੈਰਿਫ ਲਗਾਉਂਦਾ ਜਾ ਰਿਹਾ ਹੈ। ਸਥਿਤੀ ਇਹ ਹੈ ਕਿ ਚੀਨ ਨੇ ਅਮਰੀਕੀ ਸਾਮਾਨ 'ਤੇ 125 ਫੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਚੀਨ ਨੇ ਇਹ ਫੈਸਲਾ ਉਸ ਵੇਲੇ ਕੀਤਾ ਜਦੋਂ ਬੀਤੇ ਦਿਨ ਡੋਨਾਲਡ ਟਰੰਪ ਨੇ ਚੀਨ 'ਤੇ ਲਗਾਏ ਟੈਰਿਫ਼ 'ਚ 20 ਫੀਸਦ ਦਾ ਵਾਧਾ ਕਰ ਕੇ ਇਸਨੂੰ 145 ਫੀਸਦ ਕਰ ਦਿੱਤਾ ਸੀ। ਅਮਰੀਕੀ ਟੈਰਿਫ ਨਾਲ ਨਜਿੱਠਣ ਲਈ ਚੀਨ ਸਰਕਾਰ ਵੱਖ-ਵੱਖ ਉਪਾਵਾਂ 'ਚ ਲੱਗੀ ਹੋਈ ਹੈ। ਅਮਰੀਕੀ ਉਤਪਾਦ 'ਤੇ 125 ਫੀਸਦੀ ਟੈਰਿਫ ਲਗਾਉਣ ਦੇ ਨਾਲ-ਨਾਲ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਉਹ ਆਪਣੇ ਲੋਕਾਂ ਨੂੰ ਵੱਧ ਖਰਚ ਕਰਨ ਲਈ ਪ੍ਰੇਰਿਤ ਕਰ ਕੇ ਬਰਾਮਦ 'ਤੇ ਹੋਏ ਨੁਕਸਾਨ ਦੀ ਭਰਪਾਈ ਕਰੇਗੀ। ਚੀਨੀ ਕਮਿਊਨਿਸਟ ਪਾਰਟੀ ਦੇ ਮੁਖਪੱਤਰ "ਪੀਪਲਜ਼ ਡੇਲੀ" 'ਚ ਪ੍ਰਕਾਸ਼ਿਤ ਇਕ ਲੇਖ 'ਚ ਕਿਹਾ ਗਿਆ ਹੈ ਕਿ ਚੀਨ ਉਪਭੋਗਤਾ ਖਰਚ ਨੂੰ ਆਰਥਿਕ ਵਿਕਾਸ ਦਾ ਆਧਾਰ ਬਣਾਏਗਾ ਤੇ ਇਕ ਬਹੁਤ ਵੱਡੇ ਬਾਜ਼ਾਰ ਦੇ ਲਾਭ ਨੂੰ ਉਠਾਏਗਾ। ਵਣਜ ਮੰਤਰਾਲੇ ਨਾਲ ਜੁੜੇ ਇਕ ਅਦਾਰੇ ਦੇ ਖੋਜਕਰਤਾ ਝੋਉ ਮੀ ਨੇ ਕਿਹਾ ਕਿ ਆਰਥਿਕਤਾ ਪੂਰੀ ਤਰ੍ਹਾਂ ਏਕੀਕ੍ਰਿਤ ਹੈ ਤੇ ਉਤਪਾਦਕ ਵੀ ਯੂਜ਼ਰ ਹਨ। ਇਹ ਸਾਰੇ ਲੋਕ ਇਕ ਹੀ ਹਨ।