ਅਮਰੀਕਾ ਦੇ ਹਵਾਈ ਟਾਪੂ ਵਿੱਚ ਮੌਨਾ ਲੋਆ ਜਵਾਲਾਮੁਖੀ ਫਟਣਾ ਸ਼ੁਰੂ

ਹੋਨੋਲੂਲੂ (ਏਜੰਸੀ) : ਅਮਰੀਕਾ ਦੇ ਹਵਾਈ ਟਾਪੂ ਵਿੱਚ ਮੌਨਾ ਲੋਆ ਜਵਾਲਾਮੁਖੀ ਫਟਣਾ ਸ਼ੁਰੂ ਹੋ ਗਿਆ ਹੈ। ਸਮਾਚਾਰ ਏਜੰਸੀ ਏਪੀ ਮੁਤਾਬਕ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਜਵਾਲਾਮੁਖੀ ਦੇ ਫਟਣ ਨਾਲ ਕਈ ਕਿਲੋਮੀਟਰ ਤੱਕ ਅਸਮਾਨ ਸੁਆਹ ਅਤੇ ਧੂੰਏਂ ਨਾਲ ਭਰ ਗਿਆ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਬਿਗ ਆਈਲੈਂਡ 'ਤੇ ਜਵਾਲਾਮੁਖੀ ਦੇ ਸਿਖਰ 'ਤੇ ਕੈਲਡੇਰਾ ਐਤਵਾਰ ਦੇਰ ਰਾਤ ਫਟਣਾ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਮੌਨਾ ਲੋਆ ਲਾਵਾ ਦੇ ਨੇੜੇ ਰਹਿਣ ਵਾਲੇ ਨਿਵਾਸੀਆਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਹੈ। ਜਵਾਲਾਮੁਖੀ ਦੇ ਸਿਖਰ 'ਤੇ ਹਾਲ ਹੀ ਵਿਚ ਆਏ ਭੂਚਾਲ ਕਾਰਨ ਵਿਗਿਆਨੀ ਅਲਰਟ 'ਤੇ ਸਨ। ਆਖਰੀ ਵਾਰ ਇਹ ਜਵਾਲਾਮੁਖੀ ਸਾਲ 1984 ਵਿੱਚ ਫਟਿਆ ਸੀ। ਨਿਊਜ਼ ਏਜੰਸੀ ਰਾਇਟਰਜ਼ ਨੇ ਵੱਖ-ਵੱਖ ਸਾਲਾਂ ਤੋਂ ਮੌਨਾ ਲੋਆ ਜਵਾਲਾਮੁਖੀ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ਜਵਾਲਾਮੁਖੀ ਫਟਣ ਤੋਂ ਪਹਿਲਾਂ ਦੇ ਸਾਲ 1975 ਦੀ ਹੈ ਅਤੇ ਦੂਜੀ ਤਸਵੀਰ 25 ਮਾਰਚ 1984 ਦੀ ਹੈ। ਦੱਸ ਦੇਈਏ ਕਿ ਮੌਨਾ ਲੋਆ ਸਮੁੰਦਰ ਤਲ ਤੋਂ 13,679 ਫੁੱਟ (4,169 ਮੀਟਰ) ਉੱਚਾਈ 'ਤੇ ਹੈ। ਕਿਲਾਉਆ ਜਵਾਲਾਮੁਖੀ ਮੌਨਾ ਲੋਆ ਦੇ ਨੇੜੇ ਸਥਿਤ ਹੈ। ਸਾਲ 2018 ਵਿੱਚ, ਕਿਲਾਉਆ ਜਵਾਲਾਮੁਖੀ ਫਟਿਆ, ਜਿਸ ਨਾਲ 700 ਘਰ ਤਬਾਹ ਹੋ ਗਏ। ਜ਼ਿਕਰਯੋਗ ਕਿ ਬਿਗ ਆਈਲੈਂਡ 'ਤੇ ਕਰੀਬ 2 ਲੱਖ ਲੋਕ ਰਹਿੰਦੇ ਹਨ, ਜਿਨ੍ਹਾਂ 'ਚ ਰੋਜ਼ੇਨ ਬਾਰ ਅਤੇ ਮੈਥਿਊ ਮੈਕਕੌਂਕੀ ਵਰਗੀਆਂ ਮਸ਼ਹੂਰ ਹਸਤੀਆਂ ਸ਼ਾਮਲ ਹਨ। ਮੌਨਾ ਲੋਆ ਜੁਆਲਾਮੁਖੀ ਦੀ ਵਿਸ਼ਾਲਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਹਵਾਈ ਦੇ ਅੱਧੇ ਤੋਂ ਵੱਧ ਹਿੱਸੇ 'ਤੇ ਕਾਬਜ਼ ਹੈ। ਦੱਸ ਦੇਈਏ ਕਿ 14 ਅਕਤੂਬਰ ਨੂੰ ਮੌਨਾ ਲੋਆ 'ਚ 5.0 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।