ਬਲੋਚਿਸਤਾਨ (ਪੀਟੀਆਈ), 7 ਅਪ੍ਰੈਲ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਤੇ ਬਲੋਚਿਸਤਾਨ ਸੂਬਿਆਂ 'ਚ ਪਿਛਲੇ ਦੋ ਦਿਨਾਂ 'ਚ ਵੱਖ-ਵੱਖ ਅੱਤਵਾਦੀ ਘਟਨਾਵਾਂ ਅਤੇ ਸੁਰੱਖਿਆ ਆਪਰੇਸ਼ਨਾਂ 'ਚ ਇਕ ਸੀਨੀਅਰ ਪੁਲਿਸ ਅਧਿਕਾਰੀ ਸਮੇਤ 6 ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ, ਜਦਕਿ 12 ਅੱਤਵਾਦੀ ਮਾਰੇ ਗਏ। ਪਾਕਿਸਤਾਨ ਆਰਮਡ ਫੋਰਸਿਜ਼ ਦੇ ਮੀਡੀਆ ਵਿੰਗ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਨੇ ਕਿਹਾ ਕਿ ਬਲੋਚਿਸਤਾਨ ਸੂਬੇ ਵਿੱਚ ਦੋ ਵੱਖ-ਵੱਖ ਘਟਨਾਵਾਂ ਵਿੱਚ 4 ਅੱਤਵਾਦੀ ਮਾਰੇ ਗਏ। ਆਈਐਸਪੀਆਰ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਖ਼ੈਬਰ ਪਖਤੂਨਖਵਾ (ਕੇਪੀ) ਵਿੱਚ ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ ਵਿੱਚ ਕੁਲਚੀ ਤਹਿਸੀਲ ਦੇ ਕੋਟ ਸੁਲਤਾਨ ਇਲਾਕੇ ਵਿੱਚ ਦਹਿਸ਼ਤਗਰਦਾਂ ਖ਼ਿਲਾਫ਼ ਇੱਕ ਅਪਰੇਸ਼ਨ ਚਲਾਇਆ, ਜਿਸ ਵਿੱਚ ਅੱਠ ਅੱਤਵਾਦੀ ਮਾਰੇ ਗਏ। ਸੁਰੱਖਿਆ ਬਲਾਂ ਨੇ ਮਾਰੇ ਗਏ ਅਤਿਵਾਦੀਆਂ ਕੋਲੋਂ ਹਥਿਆਰ, ਗੋਲਾ ਬਾਰੂਦ ਤੇ ਵਿਸਫੋਟਕ ਬਰਾਮਦ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਖੈਬਰ ਪਖਤੂਨਖਵਾ ਦੇ ਲੱਕੀ ਮਰਵਾਤ 'ਚ ਸ਼ੁੱਕਰਵਾਰ ਰਾਤ ਨੂੰ ਦੋ ਵੱਖ-ਵੱਖ ਘਟਨਾਵਾਂ 'ਚ ਹਥਿਆਰਬੰਦ ਬਦਮਾਸ਼ਾਂ ਨੇ ਇਕ ਡੀਐੱਸਪੀ ਅਤੇ ਦੋ ਪੁਲਿਸ ਕਰਮਚਾਰੀਆਂ ਦੀ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਈਦ-ਉਲ-ਫਿਤਰ ਦੇ ਤਿਉਹਾਰ ਤੋਂ ਪਹਿਲਾਂ ਪੁਲਿਸ ਸੁਰੱਖਿਆ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਡੀਐਸਪੀ ਗੁਲ ਮੁਹੰਮਦ ਨੇ ਹੋਰ ਪੁਲਿਸ ਕਰਮਚਾਰੀਆਂ ਦੇ ਨਾਲ ਵਿਅਸਤ ਪੇਸ਼ਾਵਰ-ਕਰਾਚੀ ਹਾਈਵੇਅ 'ਤੇ ਇੱਕ ਅਸਥਾਈ ਚੌਕੀ ਸਥਾਪਤ ਕੀਤੀ ਸੀ। ਰਿਪੋਰਟਾਂ ਅਨੁਸਾਰ ਜਦੋਂ ਉਹ ਚੌਕੀ ਤੋਂ ਵਾਪਸ ਆ ਰਹੇ ਸਨ ਤਾਂ ਮੰਜੀਵਾਲਾ ਚੌਕ ਨੇੜੇ ਹਥਿਆਰਬੰਦ ਵਿਅਕਤੀਆਂ ਨੇ ਪੁਲਿਸ ਵੈਨ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਡੀਐਸਪੀ ਅਤੇ ਕਾਂਸਟੇਬਲ ਨਸੀਮ ਗੁਲ ਦੀ ਮੌਤ ਹੋ ਗਈ। ਉਸੇ ਰਾਤ ਇੱਕ ਹੋਰ ਹਮਲੇ ਵਿੱਚ ਕਾਂਸਟੇਬਲ ਸਨਮਤ ਖਾਨ ਮਾਰਿਆ ਗਿਆ ਸੀ। ਅਣਪਛਾਤੇ ਹਮਲਾਵਰਾਂ ਨੇ ਸਾਰਾ ਦਰਗਾ ਇਲਾਕੇ 'ਚ ਉਨ੍ਹਾਂ ਦੇ ਘਰ ਨੇੜੇ ਗੋਲੀਆਂ ਚਲਾ ਦਿੱਤੀਆਂ ਸਨ। ਰਿਪੋਰਟ ਮੁਤਾਬਕ ਪੁਲਿਸ ਮੁਲਾਜ਼ਮ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਮੀਰਮਸ਼ਾਹ ਕਸਬੇ ਵਿੱਚ ਤਾਇਨਾਤ ਸੀ ਅਤੇ ਛੁੱਟੀ 'ਤੇ ਪਿੰਡ ਪਰਤਿਆ ਸੀ। ਰਿਪੋਰਟਾਂ ਦੇ ਅਨੁਸਾਰ, ਸ਼ਨੀਵਾਰ ਨੂੰ ਬਾਜੌਰ ਜ਼ਿਲ੍ਹੇ ਦੀ ਮਾਮੁੰਦ ਤਹਿਸੀਲ ਵਿੱਚ ਇੱਕ ਰਿਮੋਟ-ਨਿਯੰਤਰਿਤ ਵਿਸਫੋਟਕ ਯੰਤਰ ਦੇ ਧਮਾਕੇ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਸ਼ਨੀਵਾਰ ਰਾਤ ਨੂੰ ਟਾਂਕ ਜ਼ਿਲ੍ਹੇ 'ਚ ਮੀਆਂ ਲਾਲ ਪੁਲਿਸ ਚੌਕੀ ਨੇੜੇ ਅਣਪਛਾਤੇ ਲੋਕਾਂ ਨੇ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀਟੀਡੀ) ਦੇ ਕਾਂਸਟੇਬਲ ਦੀ ਹੱਤਿਆ ਕਰ ਦਿੱਤੀ।
ਪੁਲਿਸ ਮੁਲਾਜ਼ਮਾਂ 'ਤੇ ਹਮਲੇ ਦੀ ਕੀਤੀ ਨਿੰਦਾ
ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਲੱਕੀ ਮਰਵਾਤ 'ਚ ਪੁਲਿਸ ਮੁਲਾਜ਼ਮਾਂ 'ਤੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਿਹਾ, ਅੱਤਵਾਦੀਆਂ ਦੀਆਂ ਕਾਇਰਤਾ ਭਰੀਆਂ ਕਾਰਵਾਈਆਂ ਸਾਡੇ ਸੰਕਲਪ ਨੂੰ ਹਿਲਾ ਨਹੀਂ ਸਕਦੀਆਂ। ਕੇਪੀ ਦੇ ਮੁੱਖ ਮੰਤਰੀ ਅਲੀ ਅਮੀਨ ਖਾਨ ਗੰਡਾਪੁਰ ਨੇ ਵੀ ਅੱਤਵਾਦੀ ਹਮਲਿਆਂ ਦੀ ਨਿੰਦਾ ਕੀਤੀ ਅਤੇ ਪੁਲਿਸ ਅਧਿਕਾਰੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ। ਅਗਸਤ 2021 ਵਿੱਚ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਪਾਕਿਸਤਾਨ ਹਿੰਸਾ ਵਿੱਚ ਵਾਧੇ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨੀ ਸੁਰੱਖਿਆ ਬਲਾਂ 'ਤੇ ਅਤਿਵਾਦੀ ਹਮਲਿਆਂ ਵਿੱਚ ਵਾਧਾ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪਾਕਿਸਤਾਨੀ ਤਾਲਿਬਾਨ ਦੁਆਰਾ ਕੀਤੇ ਗਏ ਹਨ, ਨੇ ਇਸਲਾਮਾਬਾਦ ਅਤੇ ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਦੇ ਸਬੰਧਾਂ ਵਿੱਚ ਤਣਾਅ ਪੈਦਾ ਕੀਤਾ ਹੈ।