ਕੈਲੀਫੋਰਨੀਆਂ : ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਤ ਸਲਾਨਾ ਨਗਰ ਕੀਰਤਨ ਕਰਵਾਇਆ ਗਿਆ। ਜਿਸ ਦੀ ਸੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਦੀਵਾਨ ਦੀ ਸਮਾਪਤੀ ਬਾਅਦ ਹੋਈ। ਗੁਰੂਘਰ ਵਿਖੇ ਹਾਜ਼ਰ ਬਹੁਤ ਸਾਰੇ ਕੀਰਤਨੀ ਜੱਥਿਆ ਅਤੇ ਕਥਾਕਾਰਾਂ ਨੇ ਸੰਗਤਾਂ ਨੂੰ ਨਿਰੋਲ ਗੁਰਬਾਣੀ ਨਾਲ ਨਿਹਾਲ ਕੀਤਾ। ਗੁਰੂਘਰ ਦੇ ਬਾਹਰ ਨਗਰ ਕੀਰਤਨ ਵਿੱਚ ਸਾਮਲ ਸੰਗਤਾਂ ਕੇਸ਼ਰੀ, ਨੀਲੀਆਂ, ਹਰੀਆਂ, ਪੀਲੀਆਂ ਅਤੇ ਹੋਰ ਬਹੁਤ ਰੰਗਾ ਦੇ ਨਜ਼ਾਰੇ ਪੇਸ਼ ਕਰਦੀਆਂ ਦਸਤਾਰਾ ਅਤੇ ਦੁਪੱਟਿਆ ਨੇ ਜਿਵੇਂ ਸਾਰੇ ਫਰਿਜ਼ਨੋ ਸ਼ਹਿਰ ਨੂੰ ਹੀ ਖਾਲਸਾਈ ਰੰਗ ਵਿੱਚ ਰੰਗ ਦਿੱਤਾ ਹੋਵੇ। ਟਰੱਕਾਂ ਤੇ ਸਜੇ ਹੋਏ ਵੱਖੋ ਵੱਖ ਤਰ੍ਹਾਂ ਦੇ ਸੁਨੇਹੇ ਪੇਸ਼ ਕਰਦੇ ਫਲੋਟਾ ਨੇ ਵਿਲੱਖਣ ਨਜਾਰਾ ਪੇਸ਼ ਕੀਤਾ। ਬੱਚਿਆ ਦੇ ਗੱਤਕਾ ਗਰੁੱਪਾ ਦੁਆਰਾ ਆਪਣੀ ਇਸ ਕਲਾ ਦਾ ਖੁਲ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਦੁਕਾਨਦਾਰਾ ਵੱਲੋਂ ਅਨੇਕਾ ਦੁਕਾਨਾਂ ਅਤੇ ਵੱਖ-ਵੱਖ ਬੂਥ ਵੀ ਸੰਗਤਾ ਲਈ ਖਿੱਚ ਦਾ ਕੇਂਦਰ ਬਣੇ ਨਜ਼ਰ ਆ ਰਹੇ ਸਨ। ਲਾਉਡ ਸਪੀਕਰਾ ਵਿੱਚ ਗੂੰਜਦੇ ਬੋਲੇ ਸੋ ਨਿਹਾਲ ਦੇ ਜੈਕਾਰਿਆ ਨਾਲ ਜਿਵੇਂ ਅਸਮਾਨ ਗੂੰਜ ਰਿਹਾ ਸੀ। ਨਗਰ ਕੀਰਤਨ ਦੀ ਸੁਰੂਆਤ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦੇ ਹੋਏ ਸਭ ਤੋਂ ਮੂਹਰੇ ਨਗਾਰਾ ਫਿਰ ਅਮੈਰੀਕਨ ਝੰਡਾ, ਕੈਲੀਫੋਰਨੀਆਂ ਦਾ ਝੰਡਾ ਅਤੇ ਖਾਲਸੇ ਦਾ ਕੇਸ਼ਰੀ ਨਿਸ਼ਾਨ ਸਾਹਿਬ ਦੁਆਰਾ ਅਗਵਾਈ ਕਰਦੇ ਹੋਏ ਪੰਜ ਪਿਆਰੇ ਕਰ ਰਹੇ ਸਨ। ਖੂਬਸੂਰਤ ਤਰੀਕੇ ਨਾਲ ਸਜੇ ਫਲੋਟ ਉਪਰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਪਾਲਕੀ ਵਿੱਚ ਸ਼ਸੋਭਿਤ ਸਨ। ਪੰਜ ਪਿਆਰੇ ਅਤੇ ਨਿਸਾਨਚੀ ਸਿੰਘ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਸੰਗਤਾਂ ਭਾਰੀ ਉਤਸਾਹ ਅਤੇ ਸਰਧਾ ਨਾਲ ਪਾਲਕੀ ਸਾਹਿਬ ਦੇ ਪਿਛੇ ਪੈਦਲ ਸਬਦ ਗਾਇਨ ਕਰਦੀਆਂ ਜਾ ਰਹੀਆਂ ਸਨ। ਜਿਸ ਬਾਅਦ ਫਲੋਟ ਚਲ ਰਹੇ ਸਨ। ਕੈਲੇਫੋਰਨੀਆਂ ਗਤਕਾ ਦਲ ਦੇ ਸਿੰਘਾ ਦੇ ਜਬਰਦਸਤ ਗੱਤਕੇ ਦੇ ਜੌਹਰ ਵੀ ਵੇਖਣ ਯੋਗ ਸਨ। ਇਸ ਸਮੇਂ ਪੰਜਾਬ ਤੋਂ ਮੰਗਵਾਏ ਟਰੈਕਟਰ ਅਤੇ ਟ੍ਰਾਲੀਆਂ ਤੋਂ ਇਲਾਵਾ ਸਿੱਖ ਮੋਟਰ ਸਾਈਕਲ ਰਾਈਡਰ ਵੀ ਨਗਰ ਕੀਰਤਨ ਦਾ ਸ਼ਿੰਗਾਰ ਬਣ ਰਹੇ ਸਨ। ਇਸ ਸਮੇਂ ਗੁਰੂਘਰ ਅਤੇ ਹੋਰ ਵੱਖ-ਵੱਖ ਸੰਸਥਾਵਾ ਵੱਲੋਂ ਗੁਰੂ ਦੇ ਲੰਗਰ ਅਤੁੱਟ ਵਰਤੇ। ਇਹ ਨਗਰ ਕੀਰਤਨ ਫਾਊਲਰ ਸ਼ਹਿਰ ਦੇ ਮਿੱਥੇ ਰੂਟ ਨੂੰ ਤਹਿ ਕਰਦਾ ਹੋਇਆ ਵਾਪਸ ਗੁਰੂਘਰ ਪਹੁੰਚ ਸਮਾਪਤ ਹੋਇਆ। ਅੰਤ ਆਪਣੀਆਂ ਅਮਿੱਟ ਪੈੜਾ ਛੱਡਦਾ ਨਗਰ ਕੀਰਤਨ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਯਾਦਗਾਰੀ ਹੋ ਨਿਬੜਿਆ।