ਵਾਸ਼ਿੰਗਟਨ (ਏਜੰਸੀ) : ਅਮਰੀਕਾ ਨੇ ਇੱਕ ਵਾਰ ਫਿਰ ਵਿਸ਼ਵ ਪੱਧਰ 'ਤੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਅਹਿਮੀਅਤ ਦਿੱਤੀ ਹੈ। ਅਮਰੀਕਾ ਦੇ ਪੱਖ ਤੋਂ ਕਿਹਾ ਗਿਆ ਹੈ ਕਿ ਭਾਰਤ ਉਸ ਦਾ ਅਹਿਮ ਸਹਿਯੋਗੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਇੱਕ ਨਿਯਮਤ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਬਹੁਤ ਹੀ ਸੁਹਿਰਦ ਸਬੰਧ ਹਨ। ਦੋਵੇਂ ਇੱਕ ਦੂਜੇ ਦੇ ਬਹੁਤ ਕਰੀਬ ਹਨ। ਵਿਦੇਸ਼ ਮੰਤਰਾਲੇ ਨੇ ਇਹ ਬਿਆਨ ਉਸ ਸਵਾਲ ਨੂੰ ਲੈ ਕੇ ਦਿੱਤਾ ਹੈ, ਜਿਸ 'ਚ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਦੀ ਦੂਜੇ ਦੇਸ਼ਾਂ ਨਾਲ ਤੁਲਨਾ ਕੀਤੀ ਗਈ ਸੀ। ਸਵਾਲ ਦੇ ਜਵਾਬ 'ਚ ਪਟੇਲ ਨੇ ਕਿਹਾ ਕਿ ਦੂਜੇ ਦੇਸ਼ਾਂ ਦੀ ਤਰ੍ਹਾਂ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਵੀ ਕਾਫੀ ਮਜ਼ਬੂਤ ਹਨ। ਬੁਲਾਰੇ ਨੇ ਕਿਹਾ ਕਿ ਭਾਰਤ ਨਾ ਸਿਰਫ ਅਮਰੀਕਾ ਲਈ ਸਗੋਂ ਪੂਰੀ ਦੁਨੀਆ ਲਈ ਅਮਰੀਕਾ ਦਾ ਅਹਿਮ ਭਾਈਵਾਲ ਹੈ। ਆਸੀਆਨ ਸੰਮੇਲਨ ਹੋਵੇ ਜਾਂ ਕੋਈ ਹੋਰ ਮੰਚ, ਦੋਹਾਂ ਦੇਸ਼ਾਂ ਨੇ ਹਮੇਸ਼ਾ ਹੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਹੈ। ਹਾਲ ਹੀ 'ਚ ਅਮਰੀਕੀ ਵਿਦੇਸ਼ ਮੰਤਰੀ ਨੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ ਸੀ, ਜਿਸ 'ਚ ਕਈ ਮੁੱਦਿਆਂ 'ਤੇ ਡੂੰਘਾਈ ਨਾਲ ਚਰਚਾ ਹੋਈ ਸੀ। ਅਮਰੀਕਾ ਲਈ ਵੀ ਭਾਰਤ ਇੱਕ ਤਰਜੀਹ ਹੈ। 17ਵੇਂ ਈਸਟ ਏਸ਼ੀਆ ਸਮਿਟ ਦੌਰਾਨ ਐਂਟਨੀ ਬਲਿੰਕਨ ਅਤੇ ਐਸ ਜੈਸ਼ੰਕਰ ਦੀ ਮੁਲਾਕਾਤ ਤੋਂ ਬਾਅਦ ਵ੍ਹਾਈਟ ਹਾਊਸ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ। ਜੈਸ਼ੰਕਰ ਦੇ ਨਾਲ ਇਸ ਸੰਮੇਲਨ 'ਚ ਮੀਤ ਪ੍ਰਧਾਨ ਜਗਦੀਪ ਧਨਖੜ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਇਸ ਕਾਨਫਰੰਸ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ। ਇਸ ਦੌਰਾਨ ਭਾਰਤ ਅਤੇ ਅਮਰੀਕਾ ਦਰਮਿਆਨ ਦੁਵੱਲੀ ਗੱਲਬਾਤ, ਯੂਕਰੇਨ ਸੰਕਟ, ਇੰਡੋ-ਪੈਸੀਫਿਕ, ਊਰਜਾ ਅਤੇ ਜੀ-20 ਦੇਸ਼ਾਂ ਨਾਲ ਦੁਵੱਲੇ ਸਬੰਧਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀ ਇਸ ਬਾਰੇ ਟਵੀਟ ਕੀਤਾ ਹੈ। ਐਂਟਨੀ ਬਲਿੰਕਨ ਨੇ ਆਪਣੇ ਟਵੀਟ 'ਚ ਲਿਖਿਆ ਕਿ ਉਹ ਆਸੀਆਨ ਸੰਮੇਲਨ ਦੌਰਾਨ ਐੱਸ ਜੈਸ਼ੰਕਰ ਨੂੰ ਮਿਲੇ ਅਤੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਆਸੀਆਨ ਸੰਮੇਲਨ 'ਚ ਵੀ ਰੂਸ ਅਤੇ ਯੂਕਰੇਨ ਯੁੱਧ ਦੀ ਚਰਚਾ ਜ਼ੋਰਾਂ 'ਤੇ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਜੰਗ ਦਾ ਖਮਿਆਜ਼ਾ ਪੂਰੀ ਦੁਨੀਆ ਭੁਗਤ ਰਹੀ ਹੈ।