ਈਸਾਈ ਮਿਸ਼ਨਰੀਆਂ ਦੇ ਪਾਖੰਡਵਾਦ ਨੂੰ ਰੋਕਣ ਲਈ ਗੁਰਦੁਆਰਿਆਂ ਵਿੱਚ ਮੁਫ਼ਤ ਡਿਸਪੈਂਸਰੀ/ਟਿਊਸ਼ਨ ਸੈਂਟਰ ਹੋਣੇ ਚਾਹੀਦੇ ਹਨ : ਠਾਕੁਰ ਦਲੀਪ ਸਿੰਘ

ਕੈਨੇਡਾ : ਪੰਜਾਬ ਵਿੱਚ ਈਸਾਈ ਮਿਸ਼ਨਰੀਆਂ ਵੱਲੋਂ ਕੀਤੇ ਜਾ ਰਹੇ ਪਾਖੰਡਵਾਦ ਅਤੇ ਧਰਮ ਪਰਿਵਰਤਨ ਨੂੰ ਰੋਕਣ ਲਈ ਹਰ ਗੁਰਦੁਆਰੇ ਵਿੱਚ ਫ਼ਰੀ ਡਿਸਪੈਂਸਰੀ ਅਤੇ ਫਰੀ ਟਿਊਸ਼ਨ ਸੈਂਟਰ ਹੋਣੇ ਚਾਹੀਦੇ ਹਨ, ਜਿਸ ਨਾਲ ਪੰਜਾਬ ਵਿੱਚ ਈਸਾਈਅਤ ਨੂੰ ਠੱਲ੍ਹ ਪਾਈ ਸਕਦੀ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਠਾਕੁਰ ਦਲੀਪ ਸਿੰਘ ਨੇ ਇੱਕ ਵੀਡੀਓ ਰਾਹੀਂ ਕੀਤਾ ਹੈ, ਉਨ੍ਹਾਂ ਕਿਹਾ ਕਿ ਐਲੋਪੈਥੀ ਦੀ ਬਜਾਏ ਜੇ ਹੋਮਿਓਪੈਥੀ ਅਤੇ ਆਯੁਰਵੈਦਿਕ ਦਵਾਈਆਂ ਤਾਂ ਲੋਕਾਂ ਨੂੰ ਲਾਭ ਵੀ ਜ਼ਿਆਦਾ ਹੋਵੇਗਾ ਅਤੇ ਸਸਤਾ ਵੀ ਪਵੇਗਾ। ਇਸ ਤੋਂ ਇਲਾਵਾ ਕੁਝ ਦਵਾਈਆਂ ਐਲੋਪੈਥੀ ਦੀਆਂ ਵੀ ਰੱਖੀਆਂ ਜਾ ਸਕਦੀਆ ਹਨ। ਉਨ੍ਹਾਂ ਕਿਹਾ ਕਿ ਜੇ ਅਜਿਹੀਆਂ ਸਹੂਲਤਾਂ ਹਰ ਸਿੱਖ ਸੰਪਰਦਾ ਦੇ ਧਰਮ ਅਸਥਾਨ ਵਿੱਚ ਦਿੱਤੀਆਂ ਜਾਣ; ਤਾਂ ਸਿੱਖ ਪੰਥ ਘਟਣੋਂ ਰੁਕ ਜਾਏਗਾ ਅਤੇ ਸਿੱਖੀ ਦਾ ਪ੍ਰਚਾਰ ਵੀ ਵਧ ਜਾਏਗਾ। ਪੁਰਾਤਨ ਸਿੱਖ ਸੰਪਰਦਾਵਾਂ ਦੇ ਧਰਮਸ਼ਾਲਾ ਅਤੇ ਗੁਰਦੁਆਰਿਆਂ ਵਿਚ ਔਸ਼ਧਿਆਲੇ ਅਤੇ ਵਿਦਿਆਲੇ ਹੁੰਦੇ ਸਨ, ਜਿਨ੍ਹਾਂ ਦਾ ਨਾਮ ਬਦਲ ਕੇ ਅੱਜ ਸਕੂਲ ਅਤੇ ਹਸਪਤਾਲ ਹੋ ਗਿਆ ਹੈ। ਉਦੋਂ ਜਨਸੰਖਿਆ ਘੱਟ ਸੀ, ਇਸ ਕਰਕੇ ਧਰਮਸ਼ਾਲਾ ਤੋਂ ਹੀ ਵਿੱਦਿਆ ਅਤੇ ਸਿਹਤ; ਇਹ ਦੋਵੇਂ ਲੋੜਾਂ ਪੂਰੀਆਂ ਹੋ ਜਾਂਦੀਆਂ ਸੀ। ਪ੍ਰੰਤੂ, ਅੱਜ ਜਨਸੰਖਿਆ ਵਧਣ ਕਰਕੇ ਹਸਪਤਾਲ ਅਤੇ ਸਕੂਲ ਵੱਖੋ-ਵੱਖਰੇ ਅਤੇ ਵੱਡੇ ਬਣ ਗਏ ਹਨ; ਜਿਨ੍ਹਾਂ ਦੀ ਲੋੜ ਵੀ ਹੈ। ਪ੍ਰੰਤੂ, ਅੱਜ ਵੀ ਸਾਰੀਆਂ ਸਿੱਖ ਸੰਪਰਦਾਵਾਂ ਦੇ ਧਰਮਸ਼ਾਲਾ, ਗੁਰਦੁਆਰੇ, ਡੇਰੇ, ਆਸ਼ਰਮ ਆਦਿ ਵਿੱਚ ਮੁਫ਼ਤ ਔਸ਼ਧਿਆਲੇ ਅਤੇ ਮੁਫ਼ਤ ਵਿੱਦਿਆ ਕੇਂਦਰ ਭਾਵ: ਫਰੀ ਡਿਸਪੈਂਸਰੀ ਅਤੇ ਫ੍ਰੀ ਟਿਊਸ਼ਨ ਸੈਂਟਰ; ਗ਼ਰੀਬਾਂ ਵਾਸਤੇ ਜ਼ਰੂਰ ਚਾਹੀਦੇ ਹਨ। ਜਿਹੜਾ ਵੀ ਉਥੇ ਪੜ੍ਹਨ ਵਾਸਤੇ ਜਾਂ ਦਵਾਈ ਲੈਣ ਵਾਸਤੇ ਆਵੇਗਾ, ਉਸ ਨੂੰ ਨਾਲ ਹੀ ਉਥੋਂ ਸਿੱਖੀ ਦੀ ਪ੍ਰੇਰਨਾ ਵੀ ਮਿਲੇਗੀ, ਉਹ ਮੱਥਾ ਵੀ ਟੇਕੇਗਾ, ਉਹ ‘ਧੰਨ ਸਤਿਗੁਰੂ ਨਾਨਕ ਦੇਵ ਜੀ’ ਵੀ ਆਖੇਗਾ ਅਤੇ ਹੌਲੀ ਹੌਲੀ ਉਹ ਆਪੇ ਹੀ ‘ਸਿੱਖ’ ਬਣ ਜਾਵੇਗਾ। ਜੇ ਪਹਿਲਾਂ ਹੀ ‘ਸਿੱਖ’ ਹੈਗਾ ਹੈ, ਤਾਂ ਉਹ ਸਿੱਖੀ ਤੋਂ ਟੁੱਟੇਗਾ ਨਹੀਂ। ਇਸ ਕਰਕੇ, ਆਪਾਂ ਸਾਰਿਆਂ ਸਿੱਖਾਂ ਨੂੰ ਮਿਲ ਕੇ ਇਹ ਉੱਦਮ ਸ਼ੁਰੂ ਕਰਨਾ ਚਾਹੀਦਾ ਹੈ। ਹਰ ਪਿੰਡ ਦੇ ਗੁਰਦੁਆਰੇ ਵਿੱਚ ਪੰਚਾਇਤ ਜਾਂ ਗੁਰਦੁਆਰਾ ਕਮੇਟੀ ਜਾਂ ਪੰਥਕ ਜਥੇਬੰਦੀਆਂ ਦੀ ਸਹਾਇਤਾ ਨਾਲ: ਛੋਟੇ ਮੁਫ਼ਤ ਔਸ਼ਧਿਆਲੇ ਅਤੇ ਮੁਫ਼ਤ ਵਿਦਿਆਲੇ ਬਣਨੇ ਚਾਹੀਦੇ ਹਨ। ਜੇ ਆਪਾਂ ਸਿੱਖ ਪੰਥ ਨੂੰ ਬਚਾਉਣਾ ਚਾਹੁੰਦੇ ਹਾਂ, ਤਾਂ ਇਸ ਕੰਮ ਦੀ ਬਹੁਤ ਵੱਡੀ ਲੋੜ ਹੈ। ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਈਸਾਈਆਂ ਨੇ ਵਧੀਆ ਹਸਪਤਾਲ ਅਤੇ ਵਧੀਆ ਸਕੂਲ ਬਣਾ ਕੇ ਹੀ ਆਪਣੇ ਪੰਥ ਦਾ ਬਹੁਤ ਵੱਡਾ ਪ੍ਰਚਾਰ ਕਰ ਲਿਆ ਹੈ। ਪੰਜਾਬ ਵਿੱਚ ਵਧ ਰਹੀ ਈਸਾਈਅਤ ਨੂੰ ਰੋਕਣ ਵਾਸਤੇ; ਆਪਾਂ ਸਿੱਖਾਂ ਨੂੰ ਵੀ ਐਸਾ ਕੁਝ ਹੀ ਕਰਨ ਦੀ ਲੋੜ ਹੈ। “ਗੁਰਦੁਆਰਾ” ਗੁਰੂ ਕਾ ਦੁਆਰ, ਗੁਰੂਘਰ ਤਾਂ ਲੋਕਾਂ ਨੂੰ ਸੁਖ ਦੇਣ ਲਈ ਹੁੰਦਾ ਹੈ। ਗੁਰੂ ਤੋਂ ਅਤੇ ਗੁਰਦੁਆਰੇ (ਗੁਰੂ ਘਰ) ਤੋਂ ਲੋਕਾਂ ਨੂੰ ਸੁਖ ਮਿਲਣਾ ਚਾਹੀਦਾ ਹੈ। ਜਿਹੜਾ ਕਿ ਪੁਰਾਤਨ ਸਮੇਂ ਵਿੱਚ ਮਿਲਦਾ ਹੁੰਦਾ ਸੀ। ਜਦੋਂ ਸਾਧੂ-ਮਹਾਤਮਾ ਗੁਰਦੁਆਰਿਆਂ ਵਿੱਚ ਬੈਠ ਕੇ, ਦਿਲੋਂ ਹੋ ਕੇ ਭਾਵਨਾ ਨਾਲ; ਲੋਕਾਂ ਦੀ ਸੇਵਾ ਕਰਦੇ ਸੀ। ਪਰ, ਅੱਜ ਗੁਰਦੁਆਰੇ ਦਾ ਅਸਲੀ ਰੂਪ ਨਹੀਂ ਰਹਿ ਗਿਆ। ਗੁਰਦੁਆਰੇ ਦੀ ਵਿਆਖਿਆ ਤਾਂ ‘ਭਾਈ ਕਾਨ੍ਹ ਸਿੰਘ ਨਾਭਾ’ ਦੇ ਮਹਾਨਕੋਸ਼ ਵਿੱਚ ਬਹੁਤ ਸੁੰਦਰ ਕੀਤੀ ਹੈ “ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਜਿਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਾਰਯ, ਰੋਗੀਆਂ ਲਈ ਸ਼ਫਾਖਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤੀ ਦੀ ਪਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼ਰਾਮ ਦਾ ਸਥਾਨ ਹੈ”। ਇਹ ਸਭ ਦੇ ਪੜ੍ਹਨਯੋਗ ਹੈ। ਕੀ ਇਹ ਸੱਚ ਨਹੀਂ ਕਿ ਆਪਾਂ ਸਾਰੇ ਹੀ ਈਸਾਈਆਂ ਦੇ ਬਣਾਏ ਹੋਏ ‘‘ਕਾਨਵੈਂਟ ਸਕੂਲ” ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਖੁਸ਼ ਹੁੰਦੇ ਹਾਂ? ਉਨ੍ਹਾਂ ਸਕੂਲਾਂ ਵਿੱਚ ਬੱਚੇ ਦਾਖ਼ਲ ਕਰਵਾਉਣ ਵਾਸਤੇ ਆਪਾਂ ਲੰਬੀ ਦਾੜ੍ਹੀ ਅਤੇ ਕਿਰਪਾਨਾਂ ਪਾ ਕੇ: ਈਸਾਈਆਂ ਦੇ ਸਕੂਲਾਂ ਅੱਗੇ ਜਾ ਕੇ ਤਰਲੇ ਕਰਦੇ ਹਾਂ। ਕੀ ਇਹ ਸੱਚ ਨਹੀਂ ਕਿ ਈਸਾਈਆਂ ਦੇ ਬਣਾਏ ਵਧੀਆ ਹਸਪਤਾਲਾਂ ਵਿੱਚ ਆਪਣੇ ਕਿਸੇ ਮਰੀਜ਼ ਨੂੰ ਦਾਖਲ ਕਰਵਾਉਣ ਵਾਸਤੇ, ਆਪਾਂ ਉਨ੍ਹਾਂ ਦੇ ਤਰਲੇ ਕਰਦੇ ਹਾਂ? ਉਦੋਂ ਸਾਨੂੰ ਕਿਉਂ ਨਹੀਂ ਇਹ ਚੇਤਾ ਆਉਂਦਾ ਕਿ ਜੇ ਅਸਾਡੇ ਸਿੱਖਾਂ ਦੇ ਵੀ ਆਪਣੇ ਹਸਪਤਾਲ, ਸਕੂਲ, ਕਾਲਜ, ਯੂਨੀਵਰਸਿਟੀਆਂ ਵਧੀਆ ਹੁੰਦੇ ਤਾਂ ਅਸੀਂ ਇਸਾਈਆਂ ਦੇ ਬੂਹੇ ਅੱਗੇ ਜਾ ਕੇ ਕਿਉਂ ਖਲੋਂਦੇ? ਉਨ੍ਹਾਂ ਕਿਹਾ ਕਿ ਜੇ ਅਸੀਂ ਗੁਰਦੁਆਰਿਆਂ ਉਤੇ ਕੀਮਤੀ ਪੱਥਰ, ਸੋਨਾ, ਪਾਲਕੀ ਉੱਤੇ ਸੋਨਾ, ਕੀਮਤੀ ਚੰਦੋਏ, ਮਹਿੰਗੇ ਵੱਡੇ ਨਗਰ ਕੀਰਤਨ, ਕੀਮਤੀ ਲੰਗਰਾਂ ਉੱਤੇ ਪੈਸਾ ਖਰਚਣ ਦੀ ਬਜਾਏ: ਸਕੂਲਾਂ, ਹਸਪਤਾਲਾਂ ਉੱਤੇ ਖਰਚਿਆ ਹੁੰਦਾ ਤਾਂ ਆਪਾਂ ਨੂੰ ਈਸਾਈਆਂ ਦੇ ਬੂਹੇ ਅੱਗੇ ਜਾ ਕੇ ਨਾ ਖਲੋਣਾ ਪੈਂਦਾ ਅਤੇ ਸਿੱਖ ਪੰਥ ਵੀ ਵਧਿਆ ਹੁੰਦਾ। ਆਪਾਂ ਸਿੱਖਾਂ ਨੇ; ਬਹੁਤ ਸਾਰੇ ਗੁਰਦੁਆਰੇ ਤਾਂ ਬਣਾ ਦਿੱਤੇ; ਪਰ, ਗੁਰਦੁਆਰਿਆਂ ਵਿਚ ਜੋ ਸੁੱਖ-ਸਹੂਲਤਾਂ ਅਸਲ ਵਿਚ ਚਾਹੀਦੀਆਂ ਸੀ ਉਹ ਆਪਾਂ ਨਹੀਂ ਬਣਾਈਆਂ। ਚਲਦੀਆਂ ਹੋਈਆਂ ਪੁਰਾਤਨ ਪਰੰਪਰਾਵਾਂ ਵੀ ਰਹਿਣ ਨਹੀਂ ਦਿੱਤੀਆਂ, ਸਮਾਪਤ ਕਰ ਦਿੱਤੀਆਂ। ਸਭ ਤੋਂ ਵੱਧ ਨੁਕਸਾਨ ‘ਗੁਰਦੁਆਰਾ ਚੋਣ ਪ੍ਰਣਾਲੀ’ ਨੇ ਗੁਰਦੁਆਰਿਆਂ ਦੇ ਪ੍ਰਬੰਧ ਅਤੇ ਸਰੂਪ ਖ਼ਰਾਬ ਕਰਨ ਵਿੱਚ ਕੀਤਾ ਹੈ। ਗੁਰਦੁਆਰਿਆਂ ਵਿਚ ਕੀਮਤੀ ਪੱਥਰ ਅਤੇ ਸੋਨਾ ਚੜ੍ਹਾਉਣ ਉਤੇ ਆਪਾਂ ਜ਼ੋਰ ਲਾ ਦਿੱਤਾ। ਪਾਲਕੀਆਂ ਉੱਤੇ ਸੋਨਾ ਲਾ ਦਿੱਤਾ: ਪਰੰਤੂ ਆਪਾਂ ਲੋਕਾਂ ਦੀ ਲੋੜ ਪੂਰੀ ਕਰਨ ਵਾਲੀ ਸੁੱਖ-ਸਹੂਲਤ ਗੁਰਦੁਆਰਿਆਂ ਵਿੱਚ ਨਹੀਂ ਬਣਾਈ। ਜਿਸ ਕਰਕੇ ਲੋਕ ਸਿੱਖੀ ਤੋਂ ਦੂਰ ਹੋ ਗਏ। ਕਈ ਗੁਰਦੁਆਰਿਆਂ ਵਿਚ ਅਤੇ ਕਈ ਸਿੱਖ ਸੰਪਰਦਾਵਾਂ ਦੇ ਧਾਰਮਿਕ ਅਸਥਾਨਾ/ਡੇਰਿਆਂ ਆਦਿ ਵਿੱਚ ਅਜੇ ਵੀ ਪੁਰਾਤਨ ਪ੍ਰੰਪਰਾ ਅਨੁਸਾਰ ਸੇਵਾ ਭਾਵਨਾ ਨਾਲ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ ਅਤੇ ਵਿੱਦਿਆ ਵੀ ਦਿੱਤੀ ਜਾਂਦੀ ਹੈ।