ਕ੍ਰੋਏਸ਼ੀਆ ਦੇ ਕੇਅਰ ਹੋਮ ਵਿਚ ਇਕ ਬੰਦੂਕਧਾਰੀ ਨੇ ਕੀਤੀ ਗੋਲੀਬਾਰੀ, 6 ਲੋਕਾਂ ਦੀ ਮੌਤ 

ਦਾਰੂਵਰ, 23 ਜੁਲਾਈ 2024 : ਕ੍ਰੋਏਸ਼ੀਆ ਦੇ ਇਕ ਕੇਅਰ ਹੋਮ ਵਿਚ ਇਕ ਬੰਦੂਕਧਾਰੀ ਨੇ ਗੋਲੀਬਾਰੀ ਕੀਤੀ, ਜਿਸ ਵਿਚ 6 ਲੋਕਾਂ ਦੀ ਮੌਤ ਹੋ ਗਈ। ਪੂਰਬੀ ਸ਼ਹਿਰ ਦਾਰੂਵਰ ’ਚ ਇਕ ਘਰ ’ਚ ਇਕ ਕਰਮਚਾਰੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਦੀ ਬਾਅਦ ’ਚ ਹਸਪਤਾਲ ’ਚ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ ਕਈ ਲੋਕ ਜ਼ਖਮੀ ਵੀ ਹੋਏ ਹਨ ਅਤੇ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕ੍ਰੋਏਸ਼ੀਆਈ ਮੀਡੀਆ ਮੁਤਾਬਕ ਹਮਲੇ ਤੋਂ ਬਾਅਦ ਸ਼ੱਕੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਬਾਅਦ ਵਿਚ ਉਸ ਨੂੰ ਇਕ ਕੈਫੇ ਤੋਂ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਉਸ ਕੋਲੋਂ ਗੈਰ-ਰਜਿਸਟਰਡ ਹਥਿਆਰ ਮਿਲੇ। ਕ੍ਰੋਏਸ਼ੀਆ ਦੇ ਰਾਸ਼ਟਰਪਤੀ ਜ਼ੋਰਾਨ ਮਿਲਾਨੋਵਿਕ ਨੇ ਕਿਹਾ ਕਿ ਉਹ ਗੋਲੀਬਾਰੀ ਦੀ ਘਟਨਾ ਤੋਂ ਹੈਰਾਨ ਹਨ ਅਤੇ ਉਨ੍ਹਾਂ ਨੇ ਬੰਦੂਕ ਦੀ ਮਾਲਕੀ ਦੇ ਨਿਯਮਾਂ ਨੂੰ ਹੋਰ ਸਖਤ ਕਰਨ ਦੀ ਮੰਗ ਕੀਤੀ। ਰਾਸ਼ਟਰਪਤੀ ਮਿਲਾਨੋਵਿਕ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਲਿਖਿਆ, ‘‘ਇਹ ਇਕ ਡਰਾਉਣੀ ਚੇਤਾਵਨੀ ਹੈ ਅਤੇ ਸਾਰੇ ਸਮਰੱਥ ਸੰਸਥਾਵਾਂ ਨੂੰ ਸਮਾਜ ਵਿਚ ਹਿੰਸਾ ਨੂੰ ਰੋਕਣ ਲਈ ਹੋਰ ਕਦਮ ਚੁੱਕਣ ਦੀ ਆਖਰੀ ਅਪੀਲ ਹੈ। ਪ੍ਰਧਾਨ ਮੰਤਰੀ ਆਂਦਰੇਜ ਪਲੇਨਕੋਵਿਕ ਨੇ ਇਸ ਨੂੰ ‘ਭਿਆਨਕ ਹਮਲਾ’ ਕਰਾਰ ਦਿਤਾ ਅਤੇ ਪ੍ਰਭਾਵਤ ਲੋਕਾਂ ਪ੍ਰਤੀ ਅਪਣੀ ਹਮਦਰਦੀ ਜ਼ਾਹਰ ਕੀਤੀ। ਕ੍ਰੋਏਸ਼ੀਆਈ ਅਧਿਕਾਰੀਆਂ ਨੇ ਕਤਲੇਆਮ ਦਾ ਕੋਈ ਮਕਸਦ ਨਹੀਂ ਦਸਿਆ ਹੈ। ਕ੍ਰੋਏਸ਼ੀਆ ਦੇ ਕਿਰਤ, ਪੈਨਸ਼ਨ, ਪਰਵਾਰ ਅਤੇ ਸਮਾਜਕ ਨੀਤੀ ਮੰਤਰੀ ਮਾਰਿਨ ਪਿਲੇਟਿਕ ਨੇ ਕਿਹਾ ਕਿ ਸ਼ੱਕੀ ਦੀ ਮਾਂ 10 ਸਾਲਾਂ ਤੋਂ ਕੇਅਰ ਹੋਮ ਦੀ ਵਸਨੀਕ ਸੀ।  ਸਥਾਨਕ ਮੀਡੀਆ ਦੀਆਂ ਅਪੁਸ਼ਟ ਰੀਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਹ ਵਿਅਕਤੀ ਜੰਗ ਦਾ ਸਾਬਕਾ ਫੌਜੀ ਸੀ। ਕ੍ਰੋਏਸ਼ੀਆਈ ਕੌਮੀ ਪੁਲਿਸ ਮੁਖੀ ਨਿਕੋਲਾ ਮਿਲਿਨਾ ਮੁਤਾਬਕ ਉਸ ਦਾ ਪਹਿਲਾਂ ਵੀ ਜਨਤਕ ਵਿਵਸਥਾ ਨੂੰ ਭੰਗ ਕਰਨ ਅਤੇ ਘਰੇਲੂ ਸੋਸ਼ਣ ਦਾ ਰੀਕਾਰਡ ਸੀ। ਇਨ੍ਹਾਂ ਹੱਤਿਆਵਾਂ ਨੇ ਦਾਰੂਵਰ ਦੇ ਸ਼ਾਂਤ ਸਪਾ ਕਸਬੇ ਦੇ 7,000 ਵਸਨੀਕਾਂ ਨੂੰ ਸਦਮੇ ’ਚ ਪਾ ਦਿਤਾ ਹੈ। ਮੇਅਰ ਡਾਮਿਰ ਲੇਨਿਸੇਕ ਨੇ ਕ੍ਰੋਏਸ਼ੀਆਈ ਪ੍ਰਸਾਰਕ ਐਨ1 ਨੂੰ ਦਸਿਆ, ‘‘ਮੇਰੇ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਇਹ ਸਾਡੇ ਕਸਬੇ, ਦੇਸ਼ ’ਚ ਹੋ ਸਕਦਾ ਹੈ।