ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਲਈ ਕੰਮ ਕਰਨ ਦੇ ਦੋਸ਼ ਵਿਚ ਚਾਰ ਲੋਕਾਂ ਨੂੰ ਦਿਤੀ ਮੌਤ ਦੀ ਸਜ਼ਾ

ਈਰਾਨ, 29 ਜਨਵਰੀ : ਈਰਾਨ ਨੇ ਰਖਿਆ ਮੰਤਰਾਲੇ ਨਾਲ ਜੁੜੀ ਇਕ ਫੈਕਟਰੀ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਸ਼ ਰਚਣ ਅਤੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਲਈ ਕੰਮ ਕਰਨ ਦੇ ਦੋਸ਼ ਵਿਚ ਚਾਰ ਲੋਕਾਂ ਨੂੰ ਮੌਤ ਦੀ ਸਜ਼ਾ ਦਿਤੀ।  ਅਧਿਕਾਰਤ ਸਮਾਚਾਰ ਏਜੰਸੀ ਇਰਨਾ ਨੇ ਦਸਿਆ ਕਿ ਇਨ੍ਹਾਂ ਲੋਕਾਂ ਨੂੰ 2022 ਵਿਚ ਇਸਫਾਹਾਨ ਸ਼ਹਿਰ ਵਿਚ ਇਕ ਫੈਕਟਰੀ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਸੀ, ਜੋ ਮਿਜ਼ਾਈਲਾਂ ਅਤੇ ਰਖਿਆ ਉਪਕਰਣਾਂ ਨਾਲ ਸਬੰਧਤ ਹੈ ਅਤੇ ਈਰਾਨ ਦੇ ਰਖਿਆ ਮੰਤਰਾਲੇ ਨਾਲ ਜੁੜੀ ਹੋਈ ਹੈ। ਚਾਰਾਂ ਦੀ ਪਛਾਣ ਮੁਹੰਮਦ ਫਰਾਮਰਜ਼ੀ, ਮੋਹਸਿਨ ਮਜ਼ਲੂਮ, ਵਫਾ ਅਜ਼ਰਾਬਰ ਅਤੇ ਪੇਜਮਾਨ ਫਤੇਹੀ ਵਜੋਂ ਹੋਈ ਹੈ। ਚਾਰੇ ਈਰਾਨੀ ਨਾਗਰਿਕ ਹਨ। ਦੇਸ਼ ਦੀ ਸੁਪਰੀਮ ਕੋਰਟ ਨੇ ਸਤੰਬਰ ਵਿਚ ਇਕ ਹੋਰ ਅਦਾਲਤ ਵਲੋਂ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫਾਂਸੀ ਦਿਤੀ ਗਈ ਸੀ। ਮੀਡੀਆ ਨੇ ਇਹ ਨਹੀਂ ਦਸਿਆ ਕਿ ਮੌਤ ਦੀ ਸਜ਼ਾ ਕਿਵੇਂ ਦਿਤੀ ਗਈ, ਪਰ ਮੌਤ ਦੀ ਸਜ਼ਾ ਆਮ ਤੌਰ ’ਤੇ ਈਰਾਨ ਵਿਚ ਫਾਂਸੀ ’ਤੇ ਲਟਕਾ ਕੇ ਦਿਤੀ ਜਾਂਦੀ ਹੈ। ਈਰਾਨ ਨੇ ਕਿਹਾ ਕਿ ਉਸ ਦੇ ਖੁਫੀਆ ਮੁਲਾਜ਼ਮਾਂ ਨੇ 2022 ਵਿਚ ਮੋਸਾਦ ਨਾਲ ਜੁੜੇ ਇਕ ਸਮੂਹ ਨੂੰ ਤਬਾਹ ਕਰ ਦਿਤਾ ਸੀ, ਜਿਸ ਨੇ ਈਰਾਨ ਦੇ ਅੰਦਰ ਅਤਿਵਾਦੀ ਗਤੀਵਿਧੀਆਂ ਦੀ ਕਥਿਤ ਸਾਜ਼ਸ਼ ਰਚੀ ਸੀ। ਇਸ ਸਮੂਹ ਦੇ ਸਾਰੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਵੱਡੀ ਮਾਤਰਾ ’ਚ ਹਥਿਆਰ ਅਤੇ ਵਿਸਫੋਟਕ ਜ਼ਬਤ ਕੀਤੇ ਗਏ ਹਨ। ਈਰਾਨ ਮੋਸਾਦ ਅਤੇ ਹੋਰ ਪਛਮੀ ਖੁਫੀਆ ਸੇਵਾਵਾਂ ਲਈ ਜਾਸੂਸੀ ਕਰਨ ਲਈ ਅਪਣੇ ਨਾਗਰਿਕਾਂ ਦੀ ਗ੍ਰਿਫਤਾਰੀ, ਮੁਕੱਦਮੇ ਅਤੇ ਮੌਤ ਦੀ ਸਜ਼ਾ ਦੀ ਰੀਪੋਰਟ ਕਰਦਾ ਰਹਿੰਦਾ ਹੈ। ਈਰਾਨ ਅਤੇ ਇਜ਼ਰਾਈਲ ਇਕ ਦੂਜੇ ’ਤੇ ਜਾਸੂਸੀ ਕਰਨ ਅਤੇ ਪ੍ਰੌਕਸੀ ਜੰਗ ਛੇੜਨ ਦਾ ਦੋਸ਼ ਲਗਾਉਂਦੇ ਹਨ। ਇਜ਼ਰਾਈਲ ਈਰਾਨ ਨੂੰ ਅਪਣਾ ਸੱਭ ਤੋਂ ਵੱਡਾ ਖਤਰਾ ਮੰਨਦਾ ਹੈ ਅਤੇ ਤਹਿਰਾਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਲਈ ਵਾਰ-ਵਾਰ ਫੌਜੀ ਕਾਰਵਾਈ ਦੀ ਧਮਕੀ ਦਿੰਦਾ ਰਿਹਾ ਹੈ। ਈਰਾਨ ਅਜਿਹੇ ਹਥਿਆਰ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦੇ ਦਾਅਵਿਆਂ ਤੋਂ ਇਨਕਾਰ ਕਰਦਾ ਹੈ।