ਵੈਨਕੂਵਰ 'ਚ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਹੋਈ ਫਾਈਰਿੰਗ 

ਵੈਨਕੂਵਰ, 2 ਸਤੰਬਰ 2024 : ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਫਾਈਰਿੰਗ ਹੋਣ ਜਾ ਮਾਮਲਾ ਸਾਹਮਣੇ ਆ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫਾਈਰਿੰਗ ਕੇਨੈਡਾ ਦੇ ਵੈਨਕੂਵਰ ਵਿੱਚ ਸਥਿਤ ਉਨ੍ਹਾਂ ਦੇ ਘਰ ਹੋਈ ਹੈ। ਹਾਲਾਂਕਿ ਗਾਇਕ ਨੇ ਅਜੇ ਤੱਕ ਇਸ ਬਾਰੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਗਾਇਕ ਨੇ ਸਲਮਾਨ ਖਾਨ ਨਾਲ ਆਪਣਾ ਗੀਤ ਰਿਲੀਜ਼ ਕੀਤਾ ਸੀ, ਜਿਸ ਤੋਂ ਬਾਅਦ ਇਹ ਫਾਈਰਿੰਗ ਹੋਈ ਹੈ। ਸੁਰੱਖਿਆ ਏਜੰਸੀ ਨੂੰ ਸ਼ੱਕ ਹੈ ਕਿ ਇਸ ਪੂਰੇ ਮਾਮਲੇ ਪਿੱਛੇ ਗੋਲਡੀ ਬਰਾੜ ਗੈਂਗ ਦਾ ਹੱਥ ਹੋ ਸਕਦਾ ਹੈ। ਹਾਲਾਂਕਿ ਇਸ ਸੰਬੰਧੀ ਜਾਂਚ ਚੱਲ ਰਹੀ ਹੈ। ਹਲੇ ਤੱਕ ਹਮਲਾਵਰਾਂ ਦੀ ਪਹਿਚਾਣ ਨਹੀਂ ਹੋਈ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਹੋਈ ਇਸ ਫਾਈਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ ਨੇ ਲਈ ਹੈ। ਇਸ ਪੂਰੀ ਘਟਨਾ ਨੂੰ ਬਾਲੀਵੁੱਡ ਸਟਾਰ ਸਲਮਾਨ ਖਾਨ ਨਾਲ ਆਏ ਏਪੀ ਢਿੱਲੋਂ ਦੇ ਗੀਤ 'ਓਲਡ ਮਨੀ' ਨਾਲ ਵੀ ਜੋੜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਗੈਂਗ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨਾਲ ਉਸਦੇ ਕਥਿਤ ਸੰਬੰਧਾਂ ਦਾ ਹਵਾਲਾ ਦਿੰਦੇ ਹੋਏ ਏਪੀ ਢਿੱਲੋਂ ਨੂੰ ਧਮਕੀ ਦਿੱਤੀ ਹੈ ਅਤੇ ਉਸਨੂੰ ਚਿਤਾਵਨੀ ਦਿੱਤੀ ਹੈ ਕਿ 'ਉਹ "ਆਪਣੀਆਂ ਸੀਮਾਵਾਂ ਵਿੱਚ ਰਹੇ ਨਹੀਂ ਤਾਂ ਉਸਨੂੰ "ਕੁੱਤੇ ਦੀ ਮੌਤ" ਮਿਲੇਗੀ। ਇਸ ਦੌਰਾਨ ਜੇਕਰ ਗਾਇਕ ਬਾਰੇ ਗੱਲ ਕਰੀਏ ਤਾਂ ਏਪੀ ਢਿੱਲੋਂ ਅਸਲੀ ਨਾਮ ਅੰਮ੍ਰਿਤਪਾਲ ਸਿੰਘ ਢਿੱਲੋਂ ਹੈ, ਏਪੀ ਇੱਕ ਗਾਇਕ, ਰੈਪਰ ਅਤੇ ਸੰਗੀਤ ਨਿਰਮਾਤਾ ਹੈ। ਗਾਇਕ ਨੇ ਪੰਜਾਬੀ ਸੰਗੀਤ ਉਦਯੋਗ ਵਿੱਚ ਆਪਣੇ ਯੋਗਦਾਨ ਲਈ ਖਾਸ ਸਥਾਨ ਹਾਸਿਲ ਕੀਤਾ ਹੈ। ਗਾਇਕ ਖਾਸ ਗੀਤਾਂ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਵਿੱਚ "ਬ੍ਰਾਊਨ ਮੁੰਡੇ" "ਐਕਸਕਿਊਜ਼" ਅਤੇ "ਸਮਰ" ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ AP ਢਿੱਲੋਂ ਦੀ ਪ੍ਰਸਿੱਧੀ ਵਿੱਚ ਵਾਧਾ ਖਾਸ ਤੌਰ 'ਤੇ YouTube ਅਤੇ Spotify ਵਰਗੇ ਡਿਜੀਟਲ ਪਲੇਟਫਾਰਮਾਂ ਰਾਹੀਂ ਹੋਇਆ ਹੈ। ਗਾਇਕ ਦਾ ਇਸ ਸਮੇਂ ਪੰਜਾਬੀ ਸੰਗੀਤ ਜਗਤ ਵਿੱਚ ਖਾਸ ਸਥਾਨ ਹੈ।