ਅਮਰੀਕਾ, 01 ਜਨਵਰੀ : ਟਵਿੱਟਰ ਵਿਚ ਹੁਣ ਇੱਕ ਹੋਰ ਵੱਡਾ ਬਦਲਾਅ ਹੋਣ ਦੀ ਤਿਆਰੀ ਵਿਚ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਟਵਿੱਟਰ ਦੇ ਸੀਈਓ ਐਲਨ ਮਸਕ ਨੇ ਪਲੈਟਫਾਰਮ ਵਿਚ ਇਕ ਹੋਰ ਬਦਲਾਅ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੀ ਉਹ ਲੜੀਵਾਰ ਕਈ ਬਦਲਾਅ ਐਲਾਨ ਚੁੱਕੇ ਹਨ। ਐਲਨ ਮਸਕ ਨੇ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਟਵਿੱਟਰ ਪਲੈਟਫਾਰਮ ਦੇ ਯੂਜ਼ਰ ਇੰਟਰਫੇਸ ਜਿੱਥੋਂ ਵਰਤੋਂਕਾਰ ਐਪ ਨੂੰ ਵਰਤਦਾ ਹੈ, ਦੇ ‘ਬੁੱਕਮਾਰਕਸ’ ਫੀਚਰ ਵਿਚ ਬਦਲਾਅ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਟਵੀਟ ਨੂੰ ਸ਼ੇਅਰ ਕਰਨ ਲੱਗਿਆਂ ਬੁੱਕਮਾਰਕ ਦਾ ਬਦਲ ਮਿਲਦਾ ਹੈ। ਬੁੱਕਮਾਰਕਸ ਪੜ੍ਹਨ ਲਈ ਪ੍ਰੋਫਾਈਲ ਵਿਚ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਆਸਾਨੀ ਨਾਲ ਨਜ਼ਰ ਨਾ ਆਉਣ ਵਾਲੇ ਇਸ ਇੰਟਰਫੇਸ ਨੂੰ ਜਨਵਰੀ ਵਿਚ ਠੀਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਮੁੜ ਝਾਤ ਮਾਰਨ ਲਈ (ਬੁੱਕਮਾਰਕ) ਟਵੀਟਾਂ ਨੂੰ ਵੱਖ-ਵੱਖ ਵਰਗਾਂ ਦੇ ਫੋਲਡਰ ’ਚ ਰੱਖਣਾ ਸੌਖਾ ਹੋਵੇਗਾ।