ਬੈਰੂਤ, 7 ਅਗਸਤ 2024 : ਪੱਛਮੀ ਏਸ਼ੀਆ ’ਚ ਹਮਾਸ ਤੇ ਹਿਜ਼ਬੁੱਲਾ ਦੇ ਦੋ ਸਿਖਰਲੇ ਨੇਤਾਵਾਂ ਦੀ ਹੱਤਿਆ ਤੋਂ ਬਾਅਦ ਤਣਾਅ ਆਪਣੇ ਸਿਖਰ ’ਤੇ ਹੈ। ਇਸ ਵਿਚਾਲੇ, ਇਜ਼ਰਾਈਲ ਨੇ ਵੈਸਟ ਬੈਂਕ ਤੇ ਲਿਬਨਾਨ ’ਚ ਮੁੜ ਹਵਾਈ ਹਮਲੇ ਕੀਤੇ ਹਨ। ਇਸ ਵਿਚ 12 ਲੋਕ ਵੈਸਟ ਬੈਂਕ ’ਚ ਤੇ ਚਾਰ ਲਿਬਨਾਨ ’ਚ ਮਾਰੇ ਗਏ ਹਨ। ਪੂਰੀ ਦੁਨੀਆ ਦੇ ਨੇਤਾ ਪੱਛਮੀ ਏਸ਼ੀਆ ’ਚ ਤਣਾਅ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਫਸਲਤੀਨੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਵੈਸਟ ਬੈਂਕ ਦੇ ਜੈਨਿਨ ਤੇ ਤੁਬਾਸ ’ਚ 12 ਫਲਸਤੀਨੀਆਂ ਦੀ ਜਾਨ ਚਲੀ ਗਈ, ਇਨ੍ਹਾਂ ’ਚ ਚਾਰ ਨਾਬਾਲਿਗ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸੱਤ ਲੋਕ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਇਜ਼ਰਾਈਲ ਨੇ ਲਿਬਨਾਨ ਦੇ ਦੱਖਣ ’ਚ ਇਕ ਪਿੰਡ ’ਤੇ ਹਵਾਈ ਹਮਲੇ ਕੀਤਾ ਹਨ, ਜਿਸ ਵਿਚ ਚਾਰ ਲੋਤਾਂ ਦੀ ਮੌਤ ਹੋ ਗਈ। ਲਿਬਨਾਨ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਸਾਫ ਨਹੀਂ ਹੋਇਆ ਹੈ ਕਿ ਇਹ ਲੋਕ ਨਾਗਰਿਕ ਸਨ ਜਾਂ ਲੜਾਕੇ। ਉਥੇ ਹੀ ਲਿਬਨਾਨੀ ਅੱਤਵਾਦੀ ਸਮੂਹ ਹਿਜ਼ਬੁੱਲਾ ਨੇ ਕਿਹਾ ਕਿ ਉਸਨੇ ਸੋਮਵਾਰ ਨੂੰ ਉੱਤਰੀ ਇਜ਼ਰਾਈਲ ’ਤੇ ਡ੍ਰੋਨ ਹਮਾਲ ਕੀਤਾ ਸੀ, ਜਿਸ ਵਿਚ ਇਜ਼ਰਾਇਲੀ ਫੌਜ ਅਨੁਸਾਰ ਉਸਦੇ ਦੋ ਫੌਜੀ ਜ਼ਖਮੀ ਹੋਏ ਹਨ। ਗਾਜ਼ਾ ਜੰਗ ਦੇ ਨਾਲ ਇਜ਼ਰਾਈਲ ਤੇ ਹਿਜ਼ਬੁੱਲਾ ਵਿਚਾਲੇ ਵੀ ਲਗਪਗ ਰੈਗੂਲਰ ਜਵਾਬੀ ਹਮਲੇ ਹੁੰਦੇ ਰਹਿੰਦੇ ਹਨ। ਮਿਸਰ ਤੇ ਤੁਰਕੀ ਦੇ ਨੇਤਾ ਇਜ਼ਰਾਈਲ-ਹਮਾਸ ਜੰਗ ਦੇ ਖੇਤਰ ’ਚ ਸੰਭਾਵੀ ਵਿਸਥਾਰ ਤੋਂ ਚਿੰਤਾ ’ਚ ਹਨ ਤੇ ਉਹ ਇਸ ਨੂੰ ਰੋਕਣ ਲਈ ਭਰਪੂਰ ਕੋਸ਼ਿਸ਼ਾਂ ਵੀ ਕਰ ਰਹੇ ਹਨ। ਤਿਹਰਾਨ ’ਚ ਹਮਾਸ ਦੇ ਸਿਆਸੀ ਮੁਖੀ ਤੇ ਲਿਬਨਾਨ ’ਚ ਹਿਜ਼ਬੁੱਲਾ ਦੇ ਸਿਖਰਲੇ ਕਮਾਂਡਰ ਦੀ ਹੱਤਿਆ ਤੋਂ ਬਾਅਦ ਤਣਾਅ ਵਧਿਆ ਹੋਇਆ ਹੈ। ਦੋਵਾਂ ਹੱਤਿਆਵਾਂ ਦਾ ਦੋਸ਼ ਇਜ਼ਰਾਈਲ ’ਤੇ ਲਗਾਇਆ ਗਿਆ ਹੈ। ਈਰਾਨ ਇਸਦਾ ਬਦਲਾ ਲੈਣ ਦੀ ਖੁੱਲ੍ਹੇਆਮ ਧਮਕੀ ਵੀ ਦੇ ਰਿਹਾ ਹੈ। ਇਜ਼ਰਾਈਲ ਵੀ ਇਰਾਨੀ ਖਤਰੇ ਦੇ ਖਦਸ਼ੇ ਕਾਰਨ ਤਿਆਰੀਆਂ ਕਰ ਰਿਹਾ ਹੈ। ਇਸ ਵਿਚ ਅਮਰੀਕਾ ਤੋਂ ਵੀ ਮਦਦ ਦਾ ਭਰੋਸਾ ਮਿਲਿਆ ਹੈ। ਉਥੇ ਹੀ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਰੂਸ ਦੀ ਨਿਊਜ਼ ਏਜੰਸੀ ਆਰਆਈਏ ਨੂੰ ਕਿਹਾ ਹੈ ਕਿ ਹਮਾਸ ਦੇ ਸਿਖਰਲੇ ਨੇਤਾ ਹਾਨੀਆ ਦੀ ਹੱਤਿਆ ਦਾ ਮੰਤਵ ਗਾਜ਼ਾ ਜੰਗ ਨੂੰ ਲੰਬੇ ਸਮੇ2 ਤੱਕ ਖਿੱਚਣਾ ਹੈ। ਆਰਆਈਏ ਨੇ ਡਿਪਲੋਮੈਟ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਅੱਬਾਸ 12 ਤੋਂ 14 ਅਗਸਤ ਤੱਕ ਮਾਸਕੋ ਦੀ ਯਾਤਰਾ ਕਰਨ ਵਾਲੇ ਹਨ। ਯਾਦ ਰਹੇ ਕਿ ਗਾਜ਼ਾ ’ਚ ਇਜ਼ਰਾਇਲੀ ਹਮਲੇ ’ਚ ਹੁਣ ਤੱਕ 39,653 ਲੋਕ ਮਾਰੇ ਜਾ ਚੁੱਕੇ ਹਨ।