
- ਪ੍ਰਭਾਵਿਤ ਕਿਸਾਨਾਂ ਨੂੰ ਵੰਡੇ ਜਾਣਗੇ 9.50 ਕਰੋੜ ਰੁਪਏ
ਅੰਮ੍ਰਿਤਸਰ 16 ਅਪ੍ਰੈਲ 2025 : ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਹਰਸ਼ਾ ਛੀਨਾ ਵਿਖੇ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ, ਜਿਨਾਂ ਦਾ ਫਰਵਰੀ ਮਹੀਨੇ ਵਿੱਚ ਹੋਈ ਅਚਨਚੇਤ ਗੜੇਮਾਰੀ ਕਾਰਨ ਫਸਲਾਂ ਦੇ ਖਰਾਬ ਹੋਣ ਨਾਲ ਮਾਲੀ ਨੁਕਸਾਨ ਹੋ ਗਿਆ ਸੀ। ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਕੁਦਰਤੀ ਆਫਤ ਅੱਗੇ ਕਿਸੇ ਦਾ ਜ਼ੋਰ ਨਹੀਂ ਪਰ ਨੁਕਸਾਨੀ ਗਈ ਫਸਲ ਦੀ ਭਰਪਾਈ ਕਰਨਾ ਸਾਡਾ ਫਰਜ਼ ਹੈ। ਉਹਨਾਂ ਕਿਹਾ ਕਿ 28 ਫਰਵਰੀ ਨੂੰ ਫਸਲਾਂ ਦਾ ਨੁਕਸਾਨ ਗੜੇਮਾਰੀ ਕਾਰਨ ਹੋਇਆ ਸੀ ਅਤੇ ਮੈਂ, ਵਿਧਾਇਕ ਸਾਹਿਬਾਨ ਡਿਪਟੀ ਕਮਿਸ਼ਨਰ, ਐਸਡੀਐਮ, ਸਾਰੇ ਇਸ ਇਲਾਕੇ ਦਾ ਮੌਕਾ ਵੇਖਣ ਪਹੁੰਚੇ ਸੀ। ਉਸ ਵੇਲੇ ਕਿਸਾਨਾਂ ਨੂੰ ਪਸ਼ੂਆਂ ਦੇ ਚਾਰੇ ਦੀ ਲੋੜ ਸੀ ਜਿਸ ਦਾ ਪ੍ਰਬੰਧ ਕੀਤਾ ਗਿਆ ਅਤੇ ਹੁਣ ਗੜੇ ਮਾਰੀ ਦੇ ਕਰੀਬ ਡੇਢ ਮਹੀਨੇ ਦੇ ਅੰਦਰ ਅੰਦਰ ਹੀ ਕਿਸਾਨਾਂ ਨੂੰ ਮੁਆਵਜ਼ਾ ਵੰਡਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ, ਜੋ ਕਿ ਕਿਸਾਨਾਂ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਬੜੇ ਨੇੜਿਓਂ ਜਾਣਦੇ ਹਨ, ਨਾਲ ਜਦ ਮੈਂ ਇਸ ਗੜੇਮਾਰੀ ਬਾਬਤ ਗੱਲ ਕੀਤੀ ਤਾਂ ਉਹਨਾਂ ਨੇ ਤੁਰੰਤ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਗਿਰਦਾਵਰੀ ਕਰਨ ਦੇ ਨਿਰਦੇਸ਼ ਦਿੱਤੇ ਅਤੇ ਅੱਜ ਉਹਨਾਂ ਹੁਕਮਾਂ ਦਾ ਹੀ ਨਤੀਜਾ ਹੈ ਕਿ ਸਾਨੂੰ ਕਣਕ ਦੀ ਫਸਲ ਕੱਟਣ ਤੋਂ ਪਹਿਲਾਂ ਪਹਿਲਾਂ ਮੁਆਵਜ਼ਾ ਮਿਲ ਰਿਹਾ ਹੈ। ਸ੍ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਨਾਲ ਖੜੀ ਹੈ ਅਤੇ ਜਦੋਂ ਵੀ ਰਾਜ ਦੇ ਵਾਸੀਆਂ ਨੂੰ ਸਾਡੀ ਲੋੜ ਮਹਿਸੂਸ ਹੁੰਦੀ ਹੈ ਅਸੀਂ ਉੱਥੇ ਖੜੇ ਮਿਲਦੇ ਹਾਂ। ਇਸ ਮੌਕੇ ਚੇਅਰਮੈਨ ਪਨਗਰੇਨ ਸ੍ਰ ਬਲਦੇਵ ਸਿੰਘ ਮਿਆਦੀਆ,ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਢਿਲੋਂ, ਐਸਡੀਐਮ ਲੋਪੋਕੇ ਸ਼੍ਰੀਮਤੀ ਅਮਨਦੀਪ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।