ਕੀਵੀ ਟੀਮ ਸਾਹਮਣੇ ਸੀਰੀਜ਼ ਬਚਾਉਣ ਦੀ ਚੁਣੌਤੀ, ਨਹੀਂ ਖੇਡਣਗੇ ਵਿਲੀਅਮਸਨ

ਨੇਪੀਅਰ (ਪੀਟੀਆਈ) : ਭਾਰਤੀ ਟੀਮ ਨੇ ਦੂਜੇ ਟੀ-20 ਮੈਚ ਵਿਚ ਨਿਊਜ਼ੀਲੈਂਡ ਨੂੰ ਹਰਾ ਕੇ ਚਾਹੇ ਸੀਰੀਜ਼ ਵਿਚ ਬੜ੍ਹਤ ਹਾਸਲ ਕਰ ਲਈ ਹੋਵੇ ਪਰ ਉਸ ਨੂੰ ਆਪਣੇ ਵਤੀਰੇ ਵਿਚ ਤਬਦੀਲੀ ਕਰਨ ਦੀ ਲੋੜ ਹੈ। ਇਕ ਵਾਰ ਮੁੜ ਸਵਾਲ ਇਹੀ ਉੱਠਦਾ ਹੈ ਕਿ ਕੀ ਟੀਮ ਮੰਗਲਵਾਰ ਨੂੰ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੇ ਤੀਜੇ ਤੇ ਆਖ਼ਰੀ ਟੀ-20 ਮੈਚ ਵਿਚ ਉਮਰਾਨ ਮਲਿਕ ਤੇ ਸੰਜੂ ਸੈਮਸਨ ਵਰਗੇ ਖਿਡਾਰੀਆਂ ਨੂੰ ਮੌਕਾ ਦੇਵੇਗੀ ਜਾਂ ਨਹੀਂ। ਟੀ-20 ਵਿਸ਼ਵ ਕੱਪ ਵਿਚ ਇਕ ਵਾਰ ਮੁੜ ਉਮੀਦ ਮੁਤਾਬਕ ਪ੍ਰਦਰਸ਼ਨ ਨਾ ਕਰ ਸਕਣ ਤੋਂ ਬਾਅਦ ਸੰਭਾਵਨਾ ਸੀ ਕਿ ਭਾਰਤ ਕੁਝ ਹੋਰ ਖਿਡਾਰੀਆਂ ਨੂੰ ਅਜ਼ਮਾਏਗਾ ਪਰ ਜੇ ਦੂਜੇ ਟੀ-20 ਦੀ ਟੀਮ ਨੂੰ ਦੇਖੀਏ ਤਾਂ ਸੰਕੇਤ ਮਿਲਦੇ ਹਨ ਕਿ ਟੀਮ ਜ਼ੀਰੋ ਤੋਂ ਸ਼ੁਰੂਆਤ ਕਰਨ ਨੂੰ ਲੈ ਕੇ ਝਜਕ ਰਹੀ ਹੈ। ਸੂਰਿਆ ਕੁਮਾਰ ਯਾਦਵ ਦੇ ਸ਼ਾਨਦਾਰ ਨਿੱਜੀ ਪ੍ਰਦਰਸ਼ਨ ਨੂੰ ਛੱਡ ਦੇਈਏ ਤਾਂ ਭਾਰਤੀ ਟੀਮ ਨੂੰ ਐਤਵਾਰ ਨੂੰ ਇਕ ਵਾਰ ਮੁੜ 160 ਦੌੜਾਂ ਦਾ ਸਕੋਰ ਖੜ੍ਹਾ ਕਰਨ ਲਈ ਜੂਝਣਾ ਪੈਂਦਾ ਜੋ ਆਸਟ੍ਰੇਲੀਆ ਵਿਚ ਹੋਏ ਵਿਸ਼ਵ ਕੱਪ ਦੀ ਯਾਦ ਦਿਵਾਉਂਦਾ ਹੈ ਜਿੱਥੇ ਭਾਰਤੀ ਟੀਮ ਵੱਡਾ ਸਕੋਰ ਖੜ੍ਹਾ ਕਰਨ ਵਿਚ ਨਾਕਾਮ ਹੋ ਰਹੀ ਸੀ। ਪਾਵਰਪਲੇਅ ਵਿਚ ਭਾਰਤ ਦਾ ਵਤੀਰਾ ਵੱਡੀ ਚਿੰਤਾ ਦਾ ਸਬੱਬ ਹੈ। ਦੂਜੇ ਟੀ-20 ਵਿਚ ਸਿਖਰਲੇ ਨੰਬਰ ਵਿਚ ਇਸ਼ਾਨ ਕਿਸ਼ਨ ਦੇ ਨਾਲ ਰਿਸ਼ਭ ਪੰਤ ਨੂੰ ਅਜ਼ਮਾਇਆ ਗਿਆ ਪਰ ਚੰਗੇ ਨਤੀਜੇ ਨਹੀਂ ਮਿਲੇ। ਪੰਤ ਦੇ ਪੱਧਰ ਨੂੰ ਦੇਖਦੇ ਹੋਏ ਸੀਰੀਜ਼ ਦੇ ਆਖ਼ਰੀ ਮੈਚ ਵਿਚ ਉਨ੍ਹਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ। ਸੈਮਸਨ ਇਕ ਹੋਰ ਬੱਲੇਬਾਜ਼ ਹਨ ਜੋ ਤੁਰੰਤ ਅਸਰ ਛੱਡ ਸਕਦੇ ਹਨ ਪਰ ਟੀਮ ਉਨ੍ਹਾਂ ਨੂੰ ਆਖ਼ਰੀ ਇਲੈਵਨ ਵਿਚ ਸ਼ਾਮਲ ਨਹੀਂ ਕਰ ਰਹੀ। ਕਪਤਾਨ ਹਾਰਦਿਕ ਪਾਂਡਿਆ ਨੇ ਕਿਹਾ ਸੀ ਕਿ ਮੈਨੇਜਮੈਂਟ ਵੱਲੋਂ ਤੀਜੇ ਟੀ-20 ਲਈ ਕਾਫੀ ਤਬਦੀਲੀ ਕਰਨ ਦੀ ਸੰਭਾਵਨਾ ਨਹੀਂ ਹੈ। ਦੂਜੇ ਟੀ-20 ਵਿਚ ਉਮਰਾਨ ਮਲਿਕ ਨੂੰ ਸ਼ਾਮਲ ਨਾ ਕਰਨਾ ਸਭ ਤੋਂ ਵੱਡੀ ਨਿਰਾਸ਼ਾ ਰਹੀ। ਇਹ ਸਾਬਤ ਹੋ ਚੁੱਕਾ ਹੈ ਕਿ ਟੀ-20 ਕ੍ਰਿਕਟ ਵਿਚ ਭਾਰਤ ਨੂੰ ਇਕ ਧਮਾਕੇਦਾਰ ਗੇਂਦਬਾਜ਼ ਦੀ ਲੋੜ ਹੈ। ਇਸ ਸਾਲ ਤਿੰਨ ਟੀ-20 ਖੇਡਣ ਵਾਲੇ ਉਮਰਾਨ ਨੂੰ ਜਸਪ੍ਰਰੀਤ ਬੁਮਰਾਹ ਦੀ ਗ਼ੈਰਮੌਜੂਦਗੀ ਵਿਚ ਸਿਖਰਲੀ ਟੀਮ ਖ਼ਿਲਾਫ਼ ਖੇਡਣ ਦੇ ਦਬਾਅ ਦਾ ਸਾਹਮਣਾ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ।

ਕੀਵੀ ਟੀਮ ਸਾਹਮਣੇ ਸੀਰੀਜ਼ ਬਚਾਉਣ ਦੀ ਚੁਣੌਤੀ :
ਸੀਰੀਜ਼ ਗੁਆਉਣ ਤੋਂ ਬਚਣ ਲਈ ਨਿਊਜ਼ੀਲੈਂਡ ਨੂੰ ਇਹ ਮੈਚ ਹਰ ਹਾਲ ਵਿਚ ਜਿੱਤਣਾ ਪਵੇਗਾ। ਮੇਜ਼ਬਾਨ ਟੀਮ ਦੇ ਗੇਂਦਬਾਜ਼ਾਂ ਨੇ ਦੂਜੇ ਟੀ-20 ਵਿਚ ਡੈੱਥ ਓਵਰਾਂ ਵਿਚ ਕਾਫੀ ਦੌੜਾਂ ਦਿੱਤੀਆਂ ਤੇ ਉਹ ਇਸ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਕਰਨਗੇ। ਨਿਊਜ਼ੀਲੈਂਡ ਨੂੰ ਨਾਲ ਹੀ ਬਿਹਤਰੀਨ ਲੈਅ ਵਿਚ ਚੱਲ ਰਹੇ ਸੂਰਿਆ ਕੁਮਾਰ ਨੂੰ ਰੋਕਣ ਦਾ ਤਰੀਕਾ ਲੱਭਣਾ ਪਵੇਗਾ।

ਤੀਜੇ ਮੈਚ 'ਚ ਨਹੀਂ ਖੇਡਣਗੇ ਵਿਲੀਅਮਸਨ :
ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਸਿਹਤ ਸਬੰਧੀ ਕਾਰਨਾਂ ਨਾਲ ਤੀਜੇ ਟੀ-20 ਮੁਕਾਬਲੇ ਵਿਚ ਨਹੀਂ ਖੇਡ ਸਕਣਗੇ। ਉਨ੍ਹਾਂ ਨੂੰ ਪਹਿਲਾਂ ਤੈਅ ਪ੍ਰਰੋਗਰਾਮ ਮੁਤਾਬਕ ਡਾਕਟਰ ਨੂੰ ਮਿਲਣ ਜਾਣਾ ਹੈ। ਉਨ੍ਹਾਂ ਦੇ ਬਦਲ ਵਜੋਂ ਮਾਰਕ ਚੈਪਮੈਨ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਵਿਲੀਅਮਸਨ ਬੁੱਧਵਾਰ ਨੂੰ ਟੀਮ ਦੇ ਨਾਲ ਜੁੜਨਗੇ ਜਦ ਸਾਰੇ ਖਿਡਾਰੀ ਆਕਲੈਂਡ ਵਿਚ ਵਨ ਡੇ ਸੀਰੀਜ਼ ਲਈ ਇੱਕਠੇ ਹੋਣਗੇ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ
ਨਿਊਜ਼ੀਲੈਂਡ :
ਫਿਨ ਏਲੇਨ, ਮਾਈਕਲ ਬ੍ਰੇਸਵੇਲ, ਡੇਵੋਨ ਕਾਨਵੇ, ਲਾਕੀ ਫਰਗਿਊਸਨ, ਡੇਰਿਲ ਮਿਸ਼ੇਲ, ਐਡਮ ਮਿਲਨੇ, ਜੇਮਜ਼ ਨੀਸ਼ਾਮ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਟਿਮ ਸਾਊਥੀ (ਕਪਤਾਨ), ਈਸ਼ ਸੋਢੀ, ਬਲੇਅਰ ਟਿਕਨਰ, ਮਾਰਕ ਚੈਪਮੈਨ।

ਭਾਰਤ :
ਹਾਰਦਿਕ ਪਾਂਡਿਆ (ਕਪਤਾਨ), ਰਿਸ਼ਭ ਪੰਤ, ਇਸ਼ਾਨ ਕਿਸ਼ਨ, ਸ਼ੁਭਮਨ ਗਿੱਲ, ਦੀਪਕ ਹੁੱਡਾ, ਸੂਰਿਆ ਕੁਮਾਰ ਯਾਦਵ, ਸ਼੍ਰੇਅਸ ਅਈਅਰ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ, ਯੁਜਵਿੰਦਰ ਸਿੰਘ ਚਹਿਲ, ਕੁਲਦੀਪ ਯਾਦਵ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਉਮਰਾਨ ਮਲਿਕ।