ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ ਵਲੋਂ ਦੇਸ਼ ਦੇ ਸਰਵੋਤਮ ਸਨਮਾਨ 'ਆਰਡਰ ਆਫ ਕੈਨੇਡਾ' ਪ੍ਰਦਾਨ ਕਰਨ ਲਈ ਬੀਤੇ ਕੱਲ੍ਹ ਨਵੀਂ ਸੂਚੀ ਜਾਰੀ ਕੀਤੀ ਗਈ, ਜਿਸ ਵਿਚ 135 ਵਿਅਕਤੀਆਂ ਦੇ ਨਾਂਅ ਹਨ ਅਤੇ ਉਨ੍ਹਾਂ ਵਿਚ 3 ਭਾਰਤੀ ਮੂਲ ਦੀਆਂ ਸ਼ਖ਼ਸੀਅਤਾਂ, ਕੈਲਗਰੀ ਤੋਂ ਨਵਜੀਤ ਸਿੰਘ ਢਿੱਲੋਂ, ਮਿਸੀਸਾਗਾ ਤੋਂ ਡਾ. ਵਾਈਕੁੰਤਮ ਅਈਅਰ ਲਕਸ਼ਮਨਨ, ਅਤੇ ਓਟਾਵਾ ਇਲਾਕੇ ਤੋਂ ਡਾ. ਪ੍ਰਦੀਪ ਮਰਚੈਂਟ ਸ਼ਾਮਿਲ ਹਨ | ਡਾ. ਪ੍ਰਦੀਪ ਮੁੰਬਈ ਤੋਂ ਐਮ.ਬੀ.ਬੀ.ਐਸ. ਦੀ ਡਿਗਰੀ ਪਾਸ ਕਰਕੇ 1984 ਵਿਚ ਕੈਨੇਡਾ ਗਏ ਸਨ ਜਿੱਥੇ ਉਹ ਹੁਣ ਯੂਨੀਵਰਸਿਟੀ ਆਫ ਓਟਾਵਾ ਵਿਖੇ ਅਸਿਸਟੈਂਟ ਪ੍ਰੋਫੈਸਰ ਹਨ | ਨਵਜੀਤ ਸਿੰਘ ਢਿੱਲੋਂ ਦਾ ਜਨਮ 1965 'ਚ ਜਪਾਨ ਵਿਚ ਹੋਇਆ ਸੀ ਅਤੇ ਉਹ 20 ਸਾਲ ਦੀ ਉਮਰ ਵਿਚ ਕੈਨੇਡਾ ਪੁੱਜੇ ਸਨ ਅਤੇ ਇਸ ਸਮੇਂ ਪ੍ਰਾਪਰਟੀ ਡੀਲਰ ਵਜੋਂ ਵੱਡੇ ਕਾਰੋਬਾਰੀ ਹਨ | ਵਾਈਕੁੰਤਮ ਲਕਸ਼ਮਨ ਅੰਤਰਰਾਰਸ਼ਟਰੀ ਪੱਧਰ 'ਤੇ ਸਾਇੰਸਦਾਨ ਅਤੇ ਖੋਜੀ ਹਨ ਤੇ ਉਨ੍ਹਾਂ ਨੇ 1974 ਵਿਚ ਬਰਤਾਨੀਆਂ ਤੋਂ ਕੈਨੇਡਾ ਪਰਵਾਸ ਕੀਤਾ ਸੀ | ਉਹ ਭਾਰਤ ਅਤੇ ਕੈਨੇਡਾ ਦੇ ਆਪਸੀ ਸਬੰਧਾਂ ਲਈ ਸਰਗਰਮ ਸੰਸਥਾ ਕੈਨੇਡਾ-ਇੰਡੀਆ ਫਾਊਾਡੇਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ | 1967 ਤੋਂ ਆਰਡਰ ਆਫ ਕੈਨੇਡਾ ਦੇਸ਼ ਵਿਚ ਆਪਣੀ ਲਗਨ ਨਾਲ ਵਿਲੱਖਣ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਦਿੱਤਾ ਜਾਂਦਾ ਹੈ ਅਤੇ ਹੁਣ ਤੱਕ 7000 ਤੋਂ ਵੱਧ ਲੋਕਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ |