ਮਲੇਸੀਆ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਅਨਵਰ ਇਬਰਾਹਿਮ

ਕੁਆਲਾਲੰਪੁਰ (ਏਪੀ) : ਮਲੇਸ਼ੀਆ ਵਿਚ ਆਮ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ਤੋਂ ਬਾਅਦ ਆਇਆ ਅੜਿੱਕਾ ਵੀਰਵਾਰ ਨੂੰ ਸਮਾਪਤ ਹੋ ਗਿਆ। ਮਲੇਸ਼ੀਆ ਦੇ ਰਾਜਾ ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ ਵੱਲੋਂ ਸੁਧਾਰਵਾਦੀ ਨੇਤਾ ਅਨਵਰ ਇਬਰਾਹਿਮ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰਨ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਇਕ ਸਾਦੇ ਸਮਾਗਮ ਵਿਚ ਉਨ੍ਹਾਂ ਨੇ ਸਹੁੰ ਚੁੱਕੀ। 75 ਸਾਲਾ ਸਾਬਕਾ ਉਪ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦੇ ਗਠਜੋੜ ਅਲਾਇੰਸ ਆਫ ਹੋਪ ਨੇ ਸ਼ਨਿਚਰਵਾਰ ਨੂੰ ਹੋਈਆਂ ਚੋਣਾਂ ਵਿਚ 82 ਸੀਟਾਂ ਹਾਸਲ ਕੀਤੀਆਂ, ਜਿਹੜੀਆਂ ਬਹੁਮਤ ਤੋਂ 112 ਸੀਟਾਂ ਘੱਟ ਸਨ। ਚੋਣਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਮੁਹੀਦੀਨ ਯਾਸੀਨ ਦੇ ਰਾਸ਼ਟਰੀ ਗਠਜੋੜ ਨੂੰ 72 ਸੀਟਾਂ ਮਿਲੀਆਂ ਹਨ, ਜਿਸ ਵਿਚ ਇਸ ਦੀ ਸਹਿਯੋਗੀ ਪੈਨ-ਮਲੇਸ਼ੀਆਈ ਇਸਲਾਮਿਕ ਪਾਰੀਟ 49 ਸੀਟਾਂ ਦੇ ਨਾਲ ਸਭ ਤੋਂ ਵੱਡੀ ਇਕੱਲੀ ਪਾਰਟੀ ਦੇ ਰੂਪ ਵਿਚ ਉਭਰੀ। ਯੂਨਾਈਟਿਡ ਮਲਯ ਨੈਸ਼ਨਲ ਆਰਗੇਨਾਈਜ਼ੇਸ਼ਨ ਵੱਲੋਂ ਅਨਵਰ ਦੀ ਅਗਵਾਈ ਵਿਚ ਸਰਕਾਰ ਬਣਾਉਣ ਲਈ ਸਹਿਮਤੀ ਦੇ ਨਾਲ ਵੀਰਵਾਰ ਨੂੰ ਬੇਯਕੀਨੀ ਸਮਾਪਤ ਹੋ ਗਈ ਹੈ। ਅਨਵਰ ਨੂੰ 1998 ਵਿਚ ਉਪ ਪ੍ਰਧਾਨ ਮੰਤਰੀ ਅਹੁਦੇ ਤੋਂ ਬਰਖ਼ਾਸਤ ਕਰ ਕੇ ਅੱਯਾਸ਼ੀ ਤੇ ਭ੍ਰਿਸ਼ਟਾਚਾਰ ਦੇ ਦੋਸ਼ ’ਚ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਸੀ।