
ਪਨਾਮਾ ਸਿਟੀ, 20 ਫਰਵਰੀ 2025 : ਅਮਰੀਕਾ ਤੋਂ ਕੱਢੇ ਗਏ 300 ਲੋਕਾਂ ਨੂੰ ਪਨਾਮਾ ਦੇ ਇਕ ਹੋਟਲ ’ਚ ਹਿਰਾਸਤ ’ਚ ਰੱਖਿਆ ਗਿਆ ਹੈ। ਇਨ੍ਹਾਂ ’ਚ ਭਾਰਤ, ਈਰਾਨ, ਨੇਪਾਲ, ਸ੍ਰੀਲੰਕਾ, ਪਾਕਿਸਤਾਨ, ਅਫ਼ਗਾਨਿਸਤਾ, ਚੀਨ ਆਦਿ ਦੇ ਲੋਕ ਸ਼ਾਮਲ ਹਨ। ਅੰਤਰਰਾਸ਼ਟਰੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਵਤਨ ਵਾਪਸੀ ਲਈ ਇੰਤਜ਼ਾਮ ਕੀਤੇ ਜਾ ਰਹੇ ਹਨ। ਇਨ੍ਹਾਂ ’ਚੋਂ 171 ਲੋਕ ਸਵੈ-ਇੱਛਾ ਨਾਲ ਅੰਤਰਰਾਸ਼ਟਰੀ ਏਜੰਸੀਆਂ ਦੇ ਰਾਹੀਂ ਆਪਣੇ ਦੇਸ਼ਾਂ ਨੂੰ ਵਾਪਸ ਜਾਣ ਲਈ ਤਿਆਰ ਹੋ ਗਏ ਹਨ। ਬਚੇ ਹੋਏ ਲੋਕ ਆਪਣੇ ਦੇਸ਼ ਨਹੀਂ ਜਾਣਾ ਚਾਹੁੰਦੇ। ਹੋਟਲ ਦੇ ਕਮਰਿਆਂ ’ਚ ਪਰਵਾਸੀਆਂ ਨੇ ਬਾਰ੍ਹੀਆਂ ’ਤੇ ਸੰਦੇਸ਼ ਲਿਖਿਆ ਹੈ ਕਿ ਮਦਦ ਕਰੋ ਤੇ ਅਸੀਂ ਆਪਣੇ ਦੇਸ਼ ’ਚ ਸੁਰੱਖਿਅਤ ਨਹੀਂ ਹਾਂ। ਪਨਾਮਾ ਦੇ ਸੁਰੱਖਿਆ ਮੰਤਰੀ ਫਰੈਂਕ ਏਬ੍ਰੇਗੋ ਨੇ ਮੰਗਲਵਾਰ ਨੂੰ ਕਿਹਾ ਕਿ ਹੋਟਲ ’ਚ ਮੌਜੂਦ ਇਨ੍ਹਾਂ ਲੋਕਾਂ ਨੂੰ ਖਾਣਾ ਤੇ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਹ ਸਹੂਲਤਾਂ ਅਮਰੀਕਾ ਨਾਲ ਕੀਤੇ ਗਏ ਮਾਈਗ੍ਰੇਸ਼ਨ ਐਗਰੀਮੈਂਟ ਦੇ ਤਹਿਤ ਦਿੱਤੀਆਂ ਜਾ ਰਹੀਆਂ ਹਨ। ਹਾਲ ਹੀ ਵਿਚ ਜਦੋਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਥੇ ਦੌਰਾ ਕੀਤਾ ਤਾਂ ਪਨਾਮਾ ਅਮਰੀਕਾ ਤੋਂ ਕੱਢੇ ਜਾਣ ਵਾਲੇ ਲੋਕਾਂ ਲਈ ਆਵਾਜਾਈ ਵਾਲੇ ਦੇਸ਼ ਦੇ ਤੌਰ ’ਤੇ ਕੰਮ ਕਰਨ ਲਈ ਤਿਆਰ ਹੋ ਗਿਆ ਸੀ। ਇਸਦਾ ਖ਼ਰਚਾ ਅਮਰੀਕਾ ਵੱਲੋਂ ਚੁੱਕਿਆ ਜਾਣਾ ਹੈ। ਹੋਟਲ ’ਚ ਰੱਖੇ ਗਏ ਲੋਕਾਂ ਨੂੰ ਬਾਹਰ ਕੱਢਣ ਦੀ ਇਜਾਜ਼ਤ ਨਹੀਂ ਹੈ। ਚਾਰੇ ਪਾਲੇ ਪੁਲਿਸ ਦਾ ਘੇਰਾ ਹੈ। ਹਾਲਾਂਕਿ, ਸੁਰੱਖਿਆ ਮੰਤਰੀ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਹਿਰਾਸਤ ’ਚ ਰੱਖਿਆ ਗਿਆ ਹੈ।