ਮਾਲੀ 'ਚ ਡਿੱਗੀ ਸੋਨੇ ਦੀ ਖਾਨ, 48 ਲੋਕਾਂ ਦੀ ਮੌਤ 

ਬਮਾਕੋ, 16 ਫਰਵਰੀ 2025 : ਪੱਛਮੀ ਅਫ਼ਰੀਕੀ ਦੇਸ਼ ਮਾਲੀ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸ਼ਨੀਵਾਰ ਨੂੰ ਗੈਰ-ਕਾਨੂੰਨੀ ਤੌਰ 'ਤੇ ਸੰਚਾਲਿਤ ਸੋਨੇ ਦੀ ਖਾਨ ਢਹਿ ਗਈ, ਜਿਸ ਕਾਰਨ ਘੱਟੋ-ਘੱਟ 48 ਲੋਕਾਂ ਦੀ ਮੌਤ ਹੋ ਗਈ। ਏਐਫਪੀ ਦੀ ਰਿਪੋਰਟ ਮੁਤਾਬਕ ਸਥਾਨਕ ਅਧਿਕਾਰੀਆਂ ਅਤੇ ਸੂਤਰਾਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਮਾਲੀ ਅਫ਼ਰੀਕਾ ਦੇ ਪ੍ਰਮੁੱਖ ਸੋਨਾ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਹੈ, ਇੱਥੇ ਦੀਆਂ ਖਾਣਾਂ ਵਿੱਚ ਅਜਿਹੇ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ। ਰਿਪੋਰਟ ਮੁਤਾਬਕ ਸ਼ਾਮ 6 ਵਜੇ ਤੱਕ ਖਾਨ ਦੇ ਡਿੱਗਣ ਕਾਰਨ 48 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁਝ ਪੀੜਤ ਪਾਣੀ ਵਿੱਚ ਡਿੱਗ ਗਏ, ਜਿਸ ਵਿੱਚ ਇੱਕ ਔਰਤ ਵੀ ਸ਼ਾਮਲ ਸੀ ਜਿਸਦੀ ਪਿੱਠ ਨਾਲ ਇੱਕ ਬੱਚਾ ਬੰਨ੍ਹਿਆ ਹੋਇਆ ਸੀ। ਸਥਾਨਕ ਅਧਿਕਾਰੀਆਂ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ, ਜਦਕਿ ਕੇਨੀਬਾ ਗੋਲਡ ਮਾਈਨਰਜ਼ ਐਸੋਸੀਏਸ਼ਨ ਨੇ ਮਰਨ ਵਾਲਿਆਂ ਦੀ ਗਿਣਤੀ 48 ਦੱਸੀ ਹੈ। ਇੱਕ ਵਾਤਾਵਰਣ ਸੰਗਠਨ ਦੇ ਮੁਖੀ ਨੇ ਏਐਫਪੀ ਨੂੰ ਦੱਸਿਆ ਕਿ ਪੀੜਤਾਂ ਦੀ ਭਾਲ ਜਾਰੀ ਹੈ। ਇਹ ਹਾਦਸਾ ਉਸ ਖਾਨ 'ਚ ਵਾਪਰਿਆ, ਜਿੱਥੇ ਪਹਿਲਾਂ ਹੀ ਸੋਨਾ ਕੱਢਿਆ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਇਸ ਖਾਨ ਦਾ ਸੰਚਾਲਨ ਚੀਨ ਦੀ ਇਕ ਕੰਪਨੀ ਕਰਦੀ ਸੀ। ਮਾਲੀ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚੋਂ ਇੱਕ ਹੈ। ਇੱਥੋਂ ਦੀ ਨਾਜਾਇਜ਼ ਮਾਈਨਿੰਗ ’ਤੇ ਕਾਬੂ ਪਾਉਣਾ ਅਧਿਕਾਰੀਆਂ ਲਈ ਵੱਡੀ ਚੁਣੌਤੀ ਹੈ। ਜਨਵਰੀ ਵਿਚ ਵੀ, ਦੱਖਣੀ ਮਾਲੀ ਵਿਚ ਇਕ ਖਾਨ ਵਿਚ ਜ਼ਮੀਨ ਖਿਸਕਣ ਨਾਲ ਘੱਟੋ-ਘੱਟ 10 ਲੋਕ ਮਾਰੇ ਗਏ ਸਨ ਅਤੇ ਕਈ ਹੋਰ ਲਾਪਤਾ ਹੋ ਗਏ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਸਨ। 

ਦੱਖਣੀ ਅਫ਼ਰੀਕਾ ਦੀਆਂ ਖਾਣਾਂ ਵਿੱਚ ਫਸੇ ਲੋਕ
ਦੱਖਣੀ ਅਫ਼ਰੀਕਾ ਵਿੱਚ ਵੀ ਬੰਦ ਪਈਆਂ ਖਾਣਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਹੈ। ਦੱਖਣੀ ਅਫਰੀਕਾ ਦੀਆਂ ਸਭ ਤੋਂ ਡੂੰਘੀਆਂ ਖਾਣਾਂ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਸੈਂਕੜੇ ਲੋਕ ਫਸੇ ਹੋਏ ਹਨ। ਦਰਅਸਲ, ਪੁਲਿਸ ਨੇ ਉੱਥੇ ਫਸੇ ਲੋਕਾਂ ਨੂੰ ਬਚਾਉਣ ਲਈ ਇਨ੍ਹਾਂ ਖਾਣਾਂ ਵਿੱਚੋਂ ਸਾਰੀ ਸਪਲਾਈ ਬੰਦ ਕਰ ਦਿੱਤੀ ਸੀ, ਜਿਸ ਕਾਰਨ ਲੋਕ ਭੁੱਖ-ਪਿਆਸ ਨਾਲ ਮਰਨ ਲੱਗੇ। ਜਨਵਰੀ ਵਿੱਚ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ 78 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਸੀ। ਇਸ ਦੇ ਨਾਲ ਹੀ 246 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਬਾਹਰ ਆਏ ਕੁਝ ਲੋਕਾਂ ਨੇ ਦਾਅਵਾ ਕੀਤਾ ਕਿ ਭੁੱਖ ਕਾਰਨ ਉਹ ਆਪਣੇ ਮ੍ਰਿਤਕ ਸਾਥੀਆਂ ਦੇ ਸਰੀਰ ਦੇ ਅੰਗ ਖਾਣ ਲਈ ਮਜਬੂਰ ਹਨ।