ਜਕਾਰਤਾ, 14 ਅਪ੍ਰੈਲ : ਦੱਖਣੀ ਸੁਲਾਵੇਸੀ ਪ੍ਰਾਂਤ, ਇੰਡੋਨੇਸ਼ੀਆ ਵਿੱਚ, ਭਾਰੀ ਮੀਂਹ ਕਾਰਨ ਸ਼ਨੀਵਾਰ ਰਾਤ ਨੂੰ ਭਿਆਨਕ ਜ਼ਮੀਨ ਖਿਸਕਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਲਾਪਤਾ ਹੋ ਗਏ, ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ। ਇਹ ਦੁਖਾਂਤ ਤਾਨਾ ਤੋਰਾਜਾ ਜ਼ਿਲ੍ਹੇ ਵਿੱਚ ਵਾਪਰਿਆ ਜਦੋਂ ਆਲੇ ਦੁਆਲੇ ਦੀਆਂ ਪਹਾੜੀਆਂ ਤੋਂ ਚਿੱਕੜ ਨੇ ਚਾਰ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਨ੍ਹਾਂ ਵਿੱਚੋਂ ਇੱਕ ਇੱਕ ਪਰਿਵਾਰਕ ਇਕੱਠ ਦੀ ਮੇਜ਼ਬਾਨੀ ਕਰ ਰਿਹਾ ਸੀ । ਸਥਾਨਕ ਪੁਲਿਸ ਅਧਿਕਾਰੀ ਗੁਨਾਰਡੀ ਮੁੰਡੂ ਨੇ ਦੱਸਿਆ ਕਿ ਦੱਖਣੀ ਸੁਲਾਵੇਸੀ ਸੂਬੇ ਦੇ ਤਾਨਾ ਤੋਰਾਜਾ ਜ਼ਿਲ੍ਹੇ ’ਚ ਸ਼ਨੀਵਾਰ ਰਾਤ ਨੂੰ ਭਾਰੀ ਬਾਰਿਸ਼ ਕਾਰਨ ਨੇੜੇ ਦੀਆਂ ਪਹਾੜੀਆਂ ’ਚ ਜ਼ਮੀਨ ਖਿਸਕ ਗਈ। ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਹੋਏ ਘਰਾਂ ਵਿੱਚੋਂ ਇੱਕ ਵਿਚ ਪਰਿਵਾਰਕ ਸਮਾਗਮ ਚੱਲ ਰਿਹਾ ਸੀ। ਮੁੰਡੂ ਨੇ ਕਿਹਾ ਕਿ ਦੂਰ-ਦੁਰਾਡੇ ਪਹਾੜੀ ਪਿੰਡਾਂ ’ਚ ਲੋਕਾਂ ਨੂੰ ਬਚਾਉਣ ਲਈ ਦਰਜਨਾਂ ਫੌਜੀ, ਪੁਲਿਸ ਕਰਮਚਾਰੀ ਅਤੇ ਵਲੰਟੀਅਰ ਤਲਾਸ਼ੀ ਮੁਹਿੰਮ ’ਚ ਤਾਇਨਾਤ ਕੀਤੇ ਗਏ ਹਨ। ਐਤਵਾਰ ਤੜਕੇ, ਬਚਾਅ ਕਰਮਚਾਰੀਆਂ ਨੇ ਇੱਕ ਅੱਠ ਸਾਲ ਦੀ ਬੱਚੀ ਸਮੇਤ ਦੋ ਜ਼ਖਮੀ ਲੋਕਾਂ ਨੂੰ ਜ਼ਿੰਦਾ ਬਾਹਰ ਕੱਢਿਆ। ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਐਤਵਾਰ ਦੁਪਹਿਰ ਤੱਕ ਮਾਕੇਲੇ ਪਿੰਡ ਅਤੇ ਦੱਖਣੀ ਮਾਕੇਲੇ ’ਚ ਘੱਟੋਂ-ਘੱਟ 11 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਤਿੰਨ ਸਾਲ ਦੀ ਬੱਚੀ ਸਮੇਤ ਤਿੰਨ ਹੋਰਾਂ ਦੀ ਭਾਲ ਅਜੇ ਵੀ ਜਾਰੀ ਹੈ। ਤਾਨਾ ਤੋਰਾਜਾ ਵਿੱਚ ਬਹੁਤ ਸਾਰੇ ਪ੍ਰਸਿੱਧ ਸੈਲਾਨੀ ਸਥਾਨ ਹਨ।