ਬਲੋਚਿਸਤਾਨ 'ਚ ਗੈਸ ਸਿਲੰਡਰ ਦੇ ਧਮਾਕੇ ਕਾਰਨ 12 ਲੋਕਾਂ ਦੀ ਮੌਤ, 13 ਜ਼ਖਮੀ

ਬਲੋਚਿਸਤਾਨ, 20 ਦਸੰਬਰ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਇਕ ਬਾਜ਼ਾਰ 'ਚ ਗੈਸ ਸਿਲੰਡਰ ਦੇ ਧਮਾਕੇ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਲਾਸਬੇਲਾ ਦੇ ਡਿਪਟੀ ਕਮਿਸ਼ਨਰ ਮੁਰਾਦ ਖਾਨ ਕਾਸੀ ਨੇ ਮੀਡੀਆ ਨੂੰ ਦੱਸਿਆ ਕਿ ਇਹ ਘਟਨਾ ਇਕ ਦੁਕਾਨ 'ਤੇ ਗੈਸ ਰੀਫਿਲਿੰਗ ਦੀ ਪ੍ਰਕਿਰਿਆ ਦੌਰਾਨ ਵਾਪਰੀ, ਜਿਸ ਨਾਲ ਲਾਸਬੇਲਾ ਦੇ ਬੇਲਾ ਖੇਤਰ ਵਿਚ ਇਕ ਵੱਡਾ ਧਮਾਕਾ ਹੋਇਆ ਅਤੇ ਅੱਗ ਨਾਲ ਲੱਗਦੀਆਂ ਦੁਕਾਨਾਂ ਵਿਚ ਫੈਲ ਗਈ। ਅਧਿਕਾਰੀ ਨੇ ਕਿਹਾ ਕਿ 25 ਲੋਕ ਸੜ ਗਏ ਸਨ ਜਿਨ੍ਹਾਂ ਨੂੰ ਕਰਾਚੀ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਸੀ, ਨਾਲ ਹੀ 12 ਜ਼ਖਮੀਆਂ ਨੇ ਰਾਤ ਭਰ ਆਪਣੇ ਇਲਾਜ ਦੌਰਾਨ ਦਮ ਤੋੜ ਦਿੱਤਾ। ਅਧਿਕਾਰੀ ਨੇ ਖਦਸ਼ਾ ਜਤਾਇਆ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਜ਼ਿਆਦਾਤਰ ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਧਮਾਕੇ ਕਾਰਨ ਲੱਗੀ ਅੱਗ ਨੇ ਦੁਕਾਨ ਵਿੱਚ ਸਟੋਰ ਕੀਤੇ ਹੋਰ ਸਿਲੰਡਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ ਹੋਰ ਧਮਾਕੇ ਹੋਏ ਜਿਸ ਨਾਲ ਆਸਪਾਸ ਦੀਆਂ ਚਾਰ ਦੁਕਾਨਾਂ ਅਤੇ ਨੇੜੇ ਖੜੀਆਂ 12 ਗੱਡੀਆਂ ਤਬਾਹ ਹੋ ਗਈਆਂ।