ਜਲੰਧਰ, 19 ਅਪ੍ਰੇਲ : ਜਲੰਧਰ ਪੁਲਿਸ ਕਮਿਸ਼ਨਰੇਟ ਨੇ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਿਆ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਬੰਬੀਹਾ ਗੈਂਗ ਨਾਲ ਜੁੜੇ ਦੋ ਗੈਂਗਸਟਰਾਂ ਗ੍ਰਿਫਤਾਰ ਕੀਤਾ ਹੈ। ਪੁਲਿਸ ਇਸ ਨੂੰ ਵੱਡੀ ਕਾਮਯਾਬੀ ਦੇ ਤੌਰ ਤੇ ਦੇਖ ਰਹੀ ਹੈ ਕਿਉਂਕੀ ਇਸ ਕਾਰਵਾਈ ਨਾਲ ਦੋ ਸਖਸ਼ੀਅਤਾਂ ਦੇ ਕਤਲ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋ ਵੱਡੀ ਮਾਤਰਾ ਵਿੱਚ ਪਿਸਤੌਲ ਅਤੇ ਅਫੀਮ-ਹੈਰੋਇਨ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਕਤਲ, ਧਮਕੀ, ਫਿਰੌਤੀ, ਫਿਰੌਤੀ ਅਤੇ ਹੋਰ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾਂ ਮਿਲੀ ਸੀ ਕਿ ਬੰਬੀਹਾ ਗਿਰੋਹ ਨਾਲ ਸਬੰਧਤ ਦੋ ਗੈਂਗਸਟਰ ਆਪਣੇ ਵਿਰੋਧੀ ਗਿਰੋਹ ਦੇ ਮੈਂਬਰਾਂ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਹਨ ਤੇ ਸ਼ਹਿਰ 'ਚ ਘੁੰਮ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਅਨਿਲ ਕੁਮਾਰ ਉਰਫ਼ ਰਾਕੀ ਵਾਸੀ ਮਕਾਨ ਨੰਬਰ 1046, ਗਲੀ ਨੰਬਰ 8 ਕਬੀਰ ਨਗਰ ਨੂੰ ਗਿ੍ਫ਼ਤਾਰ ਕਰ ਕੇ ਉਸ ਕੋਲੋਂ ਇਕ 32 ਬੋਰ ਦਾ ਪਿਸਤੌਲ, ਇਕ ਮੈਗਜ਼ੀਨ ਅ 3 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਰਾਕੀ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 20 ਤੋਂ ਵੱਧ ਕੇਸ ਦਰਜ ਹਨ ਅਤੇ ਉਹ ਅੱਠ ਸਾਲਾਂ ਤੋਂ ਜੇਲ੍ਹ ਵਿੱਚ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਰਾਕੀ ਨੇ ਮੰਨਿਆ ਕਿ ਉਸ ਦਾ ਇੱਕ ਸਾਥੀ ਮੁਕੇਸ਼ ਸ਼ਰਮਾ ਉਰਫ਼ ਮੁੰਨਾ ਪੁੱਤਰ ਉਮੇਸ਼ ਸ਼ਰਮਾ ਵਾਸੀ ਪਿੰਡ ਟੋਪਾ (ਬਿਹਾਰ) ਹਾਲ ਵਾਸੀ ਮਕਾਨ ਨੰਬਰ 631 ਕਰੋਲ ਬਾਗ ਵੀ ਇਸ ਵਿਚ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਮੁੰਨਾ ਵਿਰੁੱਧ ਪਹਿਲਾਂ ਵੀ ਤਿੰਨ ਐਨਡੀਪੀਐਸ ਕੇਸ ਦਰਜ ਹਨ ਤੇ ਉਹ ਪੁਲਿਸ ਨੂੰ ਲੋੜੀਂਦਾ ਸੀ। ਸੀਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਮੁੰਨਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਇਕ ਕਿਲੋ ਅਫੀਮ, 32 ਬੋਰ ਦੇ ਦੋ ਪਿਸਤੌਲ, ਚਾਰ ਮੈਗਜ਼ੀਨ ਤੇ ਛੇ ਕਾਰਤੂਸ ਬਰਾਮਦ ਕੀਤੇ ਹਨ।