ਜਲੰਧਰ, 18 ਅਪ੍ਰੈਲ : ਜਲੰਧਰ ਵਿੱਚ ਜੀਐਸਟੀ ਵਿਭਾਗ ਦੇ ਮੋਬਾਈਲ ਵਿੰਗ ਨੇ 5 ਕਿਲੋ ਸੋਨਾ ਜ਼ਬਤ ਕੀਤਾ ਹੈ। ਇਸ ਸੋਨੇ ਦੀ ਬਾਜ਼ਾਰੀ ਕੀਮਤ ਕਰੀਬ 3 ਕਰੋੜ 82 ਲੱਖ ਰੁਪਏ ਹੈ। ਇਹ ਵਸੂਲੀ ਸ਼ਾਹਕੋਟ ਨੇੜੇ ਜੀਐਸਟੀ ਵਿੰਗ ਵੱਲੋਂ ਕੀਤੀ ਗਈ ਹੈ ਅਤੇ ਇਸ ਮਾਮਲੇ ਦੀ ਜਾਣਕਾਰੀ ਭਾਰਤ ਦੇ ਚੋਣ ਕਮਿਸ਼ਨਰ ਨੂੰ ਵੀ ਦਿੱਤੀ ਗਈ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਸੋਨਾ ਲੁਧਿਆਣਾ ਦੇ ਇੱਕ ਵੱਡੇ ਜਵੈਲਰ ਕੋਲੋਂ ਬਰਾਮਦ ਕੀਤਾ ਗਿਆ ਹੈ। ਜਲੰਧਰ ਮੋਬਾਈਲ ਵਿੰਗ ਦੇ ਈਟੀਓ ਸੁਖਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਉਕਤ ਸਥਾਨ 'ਤੇ ਇੱਕ ਵਿਅਕਤੀ 5 ਕਿਲੋ ਤੋਂ ਵੱਧ ਸੋਨਾ ਲੈ ਕੇ ਜਾ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਟੀਮ ਨੇ ਦੇਰ ਰਾਤ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਈਟੀਓ ਵੱਲੋਂ ਇੱਕ ਵੈਗਨਾਰ ਕਾਰ ਨੂੰ ਚੈਕਿੰਗ ਲਈ ਰੋਕਿਆ ਗਿਆ। ਕਾਰ ਵਿੱਚ ਦੋ ਵਿਅਕਤੀ ਬੈਠੇ ਸਨ। ਕਾਰ ਦੀ ਤਲਾਸ਼ੀ ਲੈਣ 'ਤੇ ਅੰਦਰੋਂ ਕਰੀਬ ਪੰਜ ਕਿੱਲੋ ਸੋਨਾ ਬਰਾਮਦ ਹੋਇਆ।