
ਹੁਸ਼ਿਆਰਪੁਰ, 19 ਫਰਵਰੀ 2025 : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਸਮੇਤ ਵੱਖ-ਵੱਖ ਅਕਾਲੀ ਆਗੂ ਬੁੱਧਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਘਰ ਪੁੱਜੇ ਅਤੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਕਰੀਬ ਇੱਕ ਘੰਟੇ ਤੱਕ ਚੱਲੀ ਮੀਟਿੰਗ ਤੋਂ ਬਾਅਦ ਧਾਮੀ ਨੇ ਆਪਣਾ ਪੱਖ ਸਪੱਸ਼ਟ ਕੀਤਾ ਕਿ ਉਹ ਆਪਣਾ ਅਸਤੀਫਾ ਵਾਪਸ ਲੈਣ ਨਹੀਂ ਜਾ ਰਹੇ ਹਨ। ਹਾਲਾਂਕਿ ਧਾਮੀ ਨੇ ਸਿੱਧੇ ਤੌਰ 'ਤੇ ਕੋਈ ਕਾਰਨ ਦੱਸਣ ਦੀ ਬਜਾਏ ਕਿਹਾ ਕਿ ਉਨ੍ਹਾਂ ਦੇ ਦਿਮਾਗ 'ਤੇ ਬੋਝ ਸੀ, ਜਿਸ ਕਾਰਨ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪਿਆ ਅਤੇ ਉਹ ਇਸ 'ਤੇ ਡਟੇ ਰਹਿਣਗੇ। ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕਿ ਅੱਜ ਉਹ ਇੱਕ ਵਫਦ ਦੇ ਰੂਪ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲਣ ਲਈ ਗਏ ਸਨ ਤਾਂ ਕਿ ਸਮਝਿਆ ਜਾ ਕੇ ਕਿ ਉਨ੍ਹਾਂ ਨੇ ਕਿਹੜੇ ਕਾਰਨਾਂ ਕਰਕੇ ਐਸਜੀਪੀਸੀ ਦੇ ਪ੍ਰਧਾਨ ਵਜੋਂ ਅਸਤੀਫਾ ਕਿਉਂ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਐਡਵੋਕੇਟ ਧਾਮੀ ਨੂੰ ਭਰੋਸਾ ਦਿਵਾਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੇ ਨਾਲ ਹੈ, ਅੱਜ ਦੇ ਸਮੇਂ ਵਿੱਚ ਪੰਥ ਨੂੰ ਉਨ੍ਹਾਂ ਦੀ ਲੋੜ ਹੈ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨਾ ਜੁੜੇ ਸਾਰੇ ਮਸਲਿਆਂ ਨੂੰ ਹੱਲ ਕਰੇਗੀ। ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਇੱਕ ਇਮਾਨਦਾਰ ਤੇ ਕਾਬਲ ਸਖ਼ਸੀਅਤ ਹਨ, ਜਿਸ ਕਾਰਨ ਪਾਰਟੀ ਵਿੱਚ ਉਨ੍ਹਾਂ ਨੂੰ ਅਹਿਮ ਰੁਤਬੇ ਮਿਲੇ ਹਨ ਤੇ ਉਨ੍ਹਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਪਣੇ ਵਡਮੁੱਲਾ ਯੋਗਦਾਨ ਪਾਇਆ ਹੈ। ਇਸ ਮੌਕੇ ਹੀਰਾ ਸਿੰਘ ਗਾਬੜੀਆ, ਕੁਲਵੰਤ ਸਿੰਘ, ਜਨਮੇਜਾ ਸਿੰਘ ਸੇਖੋਂ, ਵਰਿੰਦਰ ਸਿੰਘ ਬਾਜਵਾ, ਗੁਰਚਰਨ ਸਿੰਘ ਬੱਬੇਹਾਲੀ ਅਤੇ ਲਾਲੀ ਬਾਜਵਾ ਹਾਜ਼ਰ ਸਨ।