ਫੂਡ ਕਮਿਸ਼ਨ ਦੇ ਮੈਂਬਰ ਵਿਜੈ ਦੱਤ ਵੱਲੋਂ ਸਰਕਾਰੀ ਰਾਸ਼ਨ ਡਿਪੂਆਂ ਦਾ ਅਚਨਚੇਤ ਨਿਰੀਖਣ

ਨਵਾਂਸ਼ਹਿਰ, 20 ਫਰਵਰੀ 2025 : ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ  ਵਿਜੈ ਦੱਤ ਨੇ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਸਰਕਾਰੀ ਰਾਸ਼ਨ ਡਿਪੂਆਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਨਿਰੀਖਣ ਦਾ ਉਦੇਸ਼ ਨੈਸ਼ਨਲ ਫੂਡ ਸਕਿਊਰਿਟੀ ਐਕਟ ਦੇ ਤਹਿਤ ਚੱਲ ਰਹੀਆਂ ਲਾਭਕਾਰੀ ਯੋਜਨਾਵਾਂ ਦਾ ਮੁਲਾਂਕਣ ਕਰਨਾ ਸੀ।
ਇਸ ਦੌਰਾਨ ਉਨ੍ਹਾਂ ਗੁਰੂ ਤੇਗ ਬਹਾਦਰ ਨਗਰ, ਮੁਹੱਲਾ ਸ਼ਾਂਤੀ ਨਗਰ, ਵਾਲਮੀਕਿ ਮੁਹੱਲਾ, ਚੋਪੜਾ ਮੁਹੱਲਾ, ਸਲੋਹ ਰੋਡ ਅਤੇ ਨਵਾਂਸ਼ਹਿਰ ਸਿਟੀ ਦੇ ਸਰਕਾਰੀ ਰਾਸ਼ਨ ਡਿਪੂਆਂ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਰਕਾਰੀ ਰਾਸ਼ਨ ਲੈਣ ਆਏ ਲਾਭਪਾਤਰੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਣਕਾਰੀ ਦਿੱਤੀ। ਜਾਂਚ ਦੌਰਾਨ ਸੰਬੰਧਤ ਅਧਿਕਾਰੀ ਵੀ ਮੌਜੂਦ ਰਹੇ। ਉਨ੍ਹਾਂ ਦੱਸਿਆ ਕਿ ਸਰਕਾਰ ਜਨਵਰੀ ਤੋਂ ਮਾਰਚ ਤੱਕ ਤਿੰਨ ਮਹੀਨਿਆਂ ਦੀ ਕਣਕ ਵੰਡਣ ਦੀ ਯੋਜਨਾ ਚਲਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਤ ਅੰਕੜਿਆਂ ਮੁਤਾਬਿਕ, ਜ਼ਿਲ੍ਹੇ ਵਿਚ ਹੁਣ ਤੱਕ ਲੱਗਭਗ 80 ਤੋਂ 82 ਫੀਸਦੀ ਕਣਕ ਵੰਡ ਦਿੱਤੀ ਗਈ ਹੈ। ਇਸ ਦੇ ਨਾਲ-ਨਾਲ, ਜ਼ਿਲ੍ਹੇ ਦੇ ਸਾਰੇ ਸਰਕਾਰੀ ਰਾਸ਼ਨ ਡਿਪੂਆਂ ਵਿਚ ਬਾਇਓਮੀਟ੍ਰਿਕ ਮਸ਼ੀਨਾਂ ਅਤੇ ਇਲੈਕਟ੍ਰਿਕ ਤੋਲ ਮਸ਼ੀਨਾਂ ਦੇ ਆਉਣ ਨਾਲ ਰਾਸ਼ਨ ਵੰਡਣ ਦੀ ਪ੍ਰਕਿਰਿਆ ਵਿਚ ਪਾਰਦਰਸ਼ਤਾ ਵਧੀ ਹੈ ਅਤੇ ਆਮ ਜਨਤਾ ਨੂੰ ਰਾਹਤ ਮਿਲੀ ਹੈ।  ਵਿਜੈ ਦੱਤ ਨੇ ਕਿਹਾ ਕਿ ਉਹ ਸਮੇਂ-ਸਮੇਂ 'ਤੇ ਅਚਨਚੇਤ ਨਿਰੀਖਣ ਕਰਦੇ ਰਹਿੰਦੇ ਹਨ ਅਤੇ ਜੇਕਰ ਕਿਸੇ ਲਾਭਕਾਰੀ ਯੋਜਨਾ ਵਿਚ ਕੋਈ ਕਮਜ਼ੋਰੀ ਪਾਈ ਜਾਂਦੀ ਹੈ ਤਾਂ ਕਮਿਸ਼ਨ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕਰੇਗਾ। ਉਨ੍ਹਾਂ ਮੀਡੀਆ ਰਾਹੀਂ ਸੁਨੇਹਾ ਦਿੱਤਾ ਕਿ ਜੇਕਰ ਕਿਸੇ ਲਾਭਪਾਤਰੀ ਨੇ ਹੁਣ ਤੱਕ ਕਣਕ ਨਹੀਂ ਲਈ ਹੈ ਤਾਂ ਉਹ ਆਪਣੇ ਡਿਪੂ 'ਤੇ ਜਾ ਕੇ ਲੈ ਸਕਦਾ ਹੈ। ਕਮਿਸ਼ਨ ਮੈਂਬਰ ਵਿਜੈ ਦੱਤ ਨੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਰਾਸ਼ਨ ਡਿਪੂਆਂ ਵਿਚ ਪੰਜਾਬ ਸਟੇਟ ਫੂਡ ਕਮਿਸ਼ਨ ਦਾ ਹੈਲਪਲਾਈਨ ਨੰਬਰ (9876764545) ਪ੍ਰਦਰਸ਼ਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਲਾਭਪਾਤਰੀ ਨੂੰ ਨੈਸ਼ਨਲ ਫੂਡ ਸਕਿਊਰਿਟੀ ਐਕਟ ਦੀਆਂ ਯੋਜਨਾਵਾਂ ਨਾਲ ਸਬੰਧਤ ਕੋਈ ਸ਼ਿਕਾਇਤ ਹੋਵੇ, ਤਾਂ ਉਹ ਇਸ ਹੈਲਪਲਾਈਨ ਨੰਬਰ 'ਤੇ ਆਪਣੀ ਸ਼ਿਕਾਇਤ ਦਰਜ ਕਰਾ ਸਕਦਾ ਹੈ।