ਪੰਜਾਬ ਸਟੇਟ ਜੀ ਐੱਸ ਟੀ ਵਿੰਗ ਨੇ ਅੰਤਰਰਾਜੀ ਗ੍ਰੋਹ ਦਾ ਪਰਦਾਫਾਸ਼ ਕਰਦਿਆਂ 700 ਕਰੋੜ ਦਾ ਘਪਲਾ ਕਰਨ ਵਾਲੇ ਗ੍ਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਪੰਜਾਬ, ਹਰਿਆਣਾ ਅਤੇ ਦਿੱਲੀ ਤੋਂ ਇਲਾਵਾ ਵੱਖ-ਵੱਖ ਸੂਬਿਆਂ ਵਿੱਚ ਜਾਅਲੀ ਬਿਲਿੰਗ ਦਾ ਨੈੱਟਵਰਕ ਚਲਾ ਕੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾਉਂਦੇ ਸਨ । ਗ੍ਰਿਫਤਾਰ ਕੀਤੇ ਗਏ 5 ਵਿਅਕਤੀਆਂ ‘ਤੇ ਅਲੱਗ-ਅਲੱਗ ਕੰਪਨੀਆਂ ਨੂੰ 122 ਕਰੋੜ ਰੁਪਏ ਤੋਂ ਜਿਆਦਾ ਦੀ ਆਈ. ਟੀ. ਸੀ. ਪਾਸ ਕਰਨ ਅਤੇ ਲਾਭ ਪਹੁੰਚਾਉਣ ਦੇ ਦੋਸ਼ਾਂ ‘ਚ ਗ੍ਰਿਫਤਾਰ ਕੀਤਾ ਹੈ ।
ਇਹ ਗ੍ਰੋਹ ਤਾਂਬੇ ਦੇ ਸਕਰੈਪ ਅਤੇ ਹੌਜ਼ਰੀ ਦੇ ਸਮਾਨ ਦੇ ਕਾਰੋਬਾਰ ਸਬੰਧੀ ਪੰਜਾਬ ਅਤੇ ਇਸਤੋਂ ਇਲਾਵਾ ਦੂਸਰੇ ਰਾਜਾਂ ਵਿੱਚ ਫਰਜ਼ੀ ਕੰਪਨੀਆਂ ਬਣਾ ਕੇ ਇਸ ਧੰਦੇ ਨੂੰ ਅੰਜਾਮ ਦਿੰਦੇ ਸਨ । ਸਟੇਟ ਟੈਕਸ ਕਮਿਸ਼ਨਰ ਸ਼੍ਰੀ ਨੀਲ- ਕੰਠ ਐੱਸ ਅਵਹਦ (ਆਈ ਏ ਐੱਸ) ਨੇ ਸੈਕਸ਼ਨ 132 (1) (ਏ), (ਬੀ) ਅਤੇ (ਸੀ) ਦੀ ਉਲੰਘਣਾ ਅਧੀਨ ਜੀ ਐੱਸ ਟੀ ਦੀ ਧਾਰਾ 69 ਦੇ ਅੰਤਰਗਤ ਦੋਸ਼ੀਆਂ ਦੀ ਗ੍ਰਿਫਤਾਰੀ ਕਰਨ ਦੇ ਹੁਕਮ ਜਾਰੀ ਕੀਤੇ । ਇਸ ਗੈਂਗ ਦਾ ਪਰਦਾਫਾਸ਼ ਉਸੋਂ ਹੋਇਆ ਜਦੋਂ ਪਿਛਲੇ ਸਾਲ ਮੋਬਾਇਲ ਵਿੰਗ ਜਲੰਧਰ ਨੇ ਤਾਂਬੇ ਦਾ ਸਕਰੈਬ ਲਿਜਾ ਰਿਹਾ ਇੱਕ ਟਰੱਕ ਫੜਿਆ । ਟਰੱਕ ਦੇ ਮਾਲ ਦੀ ਜਾਂਚ ਕਰਨ ਤੇ ਸਾਹਮਣੇ ਆਇਆ ਕਿ ਇਹ ਮਾਲ ਸਥਾਨਕ ਤੌਰ ‘ਤੇ ਖਰੀਦਿਆ ਗਿਆ ਸੀ, ਪਰ ਦਿਸਦੇ ਬਿੱਲ ਅਤੇ ਈ ਵੇਅ ਕਿਸੇ ਹੋਰ ਬਾਹਰਲੀ ਫਰਮ ਦੇ ਜਾਰੀ ਕੀਤੇ ਹੋਏ ਸਨ । ਵਿਭਾਗੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਵੱਖ-ਵੱਖ ਰਾਜਾਂ ਵਿੱਚ ਫੈਲਿਆ ਹੋਇਆ ਇੱਕ ਵੱਡਾ ਨੈੱਟਵਰਕ ਹੈ ਜੋ ਸਥਾਨਕ ਗੈਰ ਰਜਿਸਟਰਡ ਡੀਲਰਾਂ ਤੋਂ ਹੋਈ ਖਰੀਦ ਤੋਂ ਬਣਦੀ ਟੈਕਸ ਦੀ ਦੇਣਦਾਰੀ ਕਰਨ ਲਈ ਜਾਅਲੀ ਆਈ ਟੀ ਸੀ ਬਣਾਉਣ ਵਾਸਤੇ ਵਰਤਿਆ ਜਾ ਰਿਹਾ ਸੀ । ਇਸ ਸਾਰੇ ਨੈੱਵਰਕ ਦੇ ਮੁੱਖ ਦੋਸ਼ੀ ਨੇ ਇਹ ਦੋਸ਼ ਸਵੀਕਾਰ ਕੀਤਾ ਕਿ ਉਹ ਸਭ ਕੁਝ ਹੋਰ ਸਾਥੀਆਂ ਦੀ ਮੱਦਦ ਨਾਲ ਕਰਦਾ ਸੀ , ਜਿੰਨ੍ਹਾਂ ਵਿੱਚੋਂ ਕੁਝ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ਼ ਜਾਰੀ ਹੈ। ਵਿਭਾਗ ਨੇ ਇਸ ਨਾਲ ਸਬੰਧਤ ਜਾਅਲੀ ਬਿੱਲ ਅਤੇ ਈ ਵੇਅ ਲਈ ਵਰਤੇ ਜਾਂਦੇ ਮੋਬਾਇਲ ਫੋਨ ਵੀ ਆਪਣੇ ਕਬਜ਼ੇ ਵਿੱਚ ਕਰ ਲਏ ਹਨ । ਇਸ ਗੋਰਖ ਧੰਦੇ ਰਾਹੀਂ ਜਾਅਲੀ ਬਿਲਿੰਗ ਹੋਣ ਦੀ 700 ਕਰੋੜ ਤੋਂ ਵੀ ਵੱਧ ਸੰਭਾਵਨਾ ਹੈ ਅਤੇ ਟੈਕਸ ਚੋਰੀ ਦੀ ਰਕਮ ਵੀ 122 ਕਰੋੜ ਤੋਂ ਵੱਧ ਹੋਣ ਦੇ ਆਸਾਰ ਹਨ । ਇਸ ਨੈੱਟਵਰਕ ਦੇ ਅਪ੍ਰੇਸ਼ਨ ਨੂੰ ਪੂਰਾ ਅੰਜਾਮ ਸੰਯੁਕਤ ਡਾਇਰੈਕਟਰ (ਇਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਸਹਾਇਕ ਕਮਿਸ਼ਨਰ ਐੱਮ ਡਬਲਯੂ ਪਟਿਆਲਾ ਦੀ ਅਗਵਾਈ ਵਿੱਚ ਤਿਆਰ ਟੀਮ ਵੱਲੋਂ 7 ਦੋਸ਼ੀਆਂ ਵਿੱਚੋਂ 5 ਗ੍ਰਿਫਤਾਰ ਕਰ ਲਿਆ ਜਾ ਚੁੱਕਾ ਹੈ ।