ਪੰਜਾਬ ’ਚ ਬੱਸ ਕਿਰਾਏ ਵਿਚ ਵਾਧਾ, ਟ੍ਰਾਂਸਪੋਰਟ ਵਿਭਾਗ ਨੇ ਨੋਟੀਫ਼ਿਕੇਸ਼ਨ ਕੀਤਾ ਜਾਰੀ 

ਚੰਡੀਗੜ੍ਹ, 8 ਸਤੰਬਰ 2024 : ਪੰਜਾਬ ’ਚ ਬੱਸ ਕਿਰਾਏ ਵਿਚ ਵੀ ਹੁਣ ਵਾਧਾ ਕਰ ਦਿਤਾ ਗਿਆ ਹੈ। ਟ੍ਰਾਂਸਪੋਰਟ ਵਿਭਾਗ ਨੇ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਅੱਜ ਤੋਂ ਇਹ ਵਾਧਾ ਚੁੱਪ ਚੁਪੀਤੇ ਲਾਗੂ ਕਰ ਦਿਤਾ ਹੈ। ਨੋਟੀਫ਼ਿਕੇਸ਼ਨ ਅਨੁਸਾਰ 23 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਆਮ ਬਸਾਂ ਦਾ ਕਿਰਾਇਆ ਵਧਾਇਆ ਗਿਆ ਹੈ। ਸਾਧਾਰਨ ਏਸੀ ਬਸ ਦਾ ਕਿਰਾਇਆ 28 ਪੈਸੇ ਪ੍ਰਤੀ ਕਿਲੋਮੀਟਰ, ਇੰਟਰੇਗਲ ਕੋਚ ਦਾ 41 ਅਤੇ ਸੁਪਰ ਇੰਟਰੇਗਲ ਬਸ ਦਾ ਕਿਰਾਇਆ 46 ਪੈਸੇ ਪ੍ਰਤੀ ਕਿਲੋਮੀਟਰ ਵਧਾਇਆ ਹੈ। ਇਸ ਨਾਲ ਸਰਕਾਰ ਨੂੰ 150 ਕਰੋੜ ਰੁਪਏ ਦੀ ਵਾਧੂ ਆਮਦਨ ਹੋਏਗੀ। ਚਾਰ ਸਾਲਾਂ ਬਾਅਦ ਪੰਜਾਬ ’ਚ ਬੱਸਾਂ ਦਾ ਕਿਰਾਇਆ ਵਧਾਇਆ ਗਿਆ ਹੈ। ਦੋ ਦਿਨ ਪਹਿਲਾਂ ਹੀ ਪੰਜਾਬ ਕੈਬਨਿਟ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਕੀਤਾ ਸੀ, ਉਸ ਨਾਲ ਹੀ ਬੱਸਾਂ ਦਾ ਕਿਰਾਇਆ ਵਧਾਉਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਸੀ। ਬੱਸਾਂ ਦਾ ਕਿਰਾਇਆ ਵਧਾਉਣ ਦੇ ਪਿੱਛੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਦਾ ਕਾਫ਼ੀ ਦਬਾਅ ਸੀ। ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਸਹੂਲਤ ਦੇਣ ਦੇ ਕਾਰਨ ਇਸ ਦਾ ਅਸਰ ਪ੍ਰਾਈਵੇਟ ਬੱਸਾਂ ’ਤੇ ਪੈ ਰਿਹਾ ਹੈ। ਉਨ੍ਹਾਂ ਦੀਆਂ ਬੱਸਾਂ ’ਚ ਯਾਤਰੀਆਂ ਦੀ ਗਿਣਤੀ ’ਚ ਭਾਰੀ ਗਿਰਾਵਟ ਆਈ ਹੈ। 23 ਪੈਸੇ ਪ੍ਰਤੀ ਕਿਲੋਮੀਟਰ ਰੇਟ ਵਧਣ ਨਾਲ ਉਨ੍ਹਾਂ ਨੂੰ ਵੀ ਰਾਹਤ ਮਿਲੇਗੀ।