ਆਸਟ੍ਰੇਲੀਆ 'ਤੇ ਜਿੱਤ ਨਾਲ ਟੀਮ ਇੰਡੀਆ ਦੀ ਸਥਿਤੀ ਮਜ਼ਬੂਤ


ਦੁਬਈ (ਪੀਟੀਆਈ) : ਭਾਰਤ ਨੇ ਆਸਟ੍ਰੇਲੀਆ ਨੂੰ ਤਿੰਨ ਮੈਚਾਂ ਦੀ ਸੀਰੀਜ਼ ਵਿਚ ਹਰਾ ਕੇ ਆਈਸੀਸੀ ਟੀ-20 ਰੈਂਕਿੰਗ ਵਿਚ ਦੂਜੇ ਸਥਾਨ 'ਤੇ ਕਾਬਜ ਇੰਗਲੈਂਡ 'ਤੇ ਬੜ੍ਹਤ ਸੱਤ ਅੰਕਾਂ ਦੀ ਕਰ ਲਈ ਹੈ। ਪਹਿਲੇ ਮੈਚ ਵਿਚ ਮਿਲੀ ਹਾਰ ਤੋਂ ਬਾਅਦ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਨਾਗਪੁਰ ਵਿਚ ਸੀਰੀਜ਼ ਵਿਚ ਬਰਾਬਰੀ ਕੀਤੀ ਤੇ ਹੈਦਰਾਬਾਦ ਵਿਚ ਤੀਜਾ ਵਨ ਡੇ ਤੇ ਸੀਰੀਜ਼ ਆਪਣੇ ਨਾਂ ਕਰ ਲਈ। ਭਾਰਤ ਨੂੰ ਇਸ ਨਾਲ ਇਕ ਅੰਕ ਦਾ ਫ਼ਾਇਦਾ ਮਿਲਿਆ ਤੇ ਹੁਣ ਉਸ ਦੇ 268 ਅੰਕ ਹਨ ਜਦਕਿ ਇੰਗਲੈਂਡ ਦੇ 261 ਅੰਕ ਹਨ। ਭਾਰਤ ਨੇ ਹੁਣ ਦੱਖਣੀ ਅਫਰੀਕਾ ਨਾਲ ਸੀਰੀਜ਼ ਖੇਡਣੀ ਹੈ ਜਿਸ ਨਾਲ ਉਸ ਨੂੰ ਸਿਖਰ 'ਤੇ ਆਪਣੀ ਥਾਂ ਹੋਰ ਪੁਖ਼ਤਾ ਕਰਨ ਦਾ ਮੌਕਾ ਮਿਲੇਗਾ। ਦੱਖਣੀ ਅਫਰੀਕੀ ਟੀਮ 258 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ ਤੇ ਉਹ ਵੀ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਸੀਰੀਜ਼ ਰਾਹੀਂ ਆਪਣੀ ਰੈਂਕਿੰਗ ਬਿਹਤਰ ਕਰ ਸਕਦੀ ਹੈ। ਪਾਕਿਸਤਾਨ ਨੇ ਇੰਗਲੈਂਡ ਨੂੰ ਕਰਾਚੀ ਵਿਚ ਚੌਥੇ ਟੀ-20 ਵਿਚ ਹਰਾ ਕੇ ਭਾਰਤ ਨੂੰ ਇੰਗਲੈਂਡ 'ਤੇ ਬੜ੍ਹਤ ਪੱਕੀ ਕਰਨ ਵਿਚ ਮਦਦ ਕੀਤੀ। ਪਾਕਿਸਤਾਨ ਤੇ ਦੱਖਣੀ ਅਫਰੀਕਾ ਦੋਵੇਂ ਤੀਜੇ ਸਥਾਨ 'ਤੇ ਹਨ। ਪਾਕਿਸਤਾਨ ਨੇ ਹੁਣ ਇੰਗਲੈਂਡ ਨਾਲ ਤਿੰਨ ਮੈਚ ਹੋਰ ਖੇਡਣੇ ਹਨ ਤੇ ਉਹ ਆਪਣੀ ਰੈਂਕਿੰਗ ਵਿਚ ਸੁਧਾਰ ਕਰ ਸਕਦਾ ਹੈ। ਇੰਗਲੈਂਡ ਬਾਕੀ ਤਿੰਨ ਮੈਚਾਂ ਵਿਚੋਂ ਇਕ ਵੀ ਮੈਚ ਜਿੱਤਣ 'ਤੇ ਦੂਜੇ ਸਥਾਨ 'ਤੇ ਬਣਿਆ ਰਹੇਗਾ। ਵਿਸ਼ਵ ਕੱਪ ਜੇਤੂ ਆਸਟ੍ਰੇਲੀਆ ਛੇਵੇਂ ਸਥਾਨ 'ਤੇ ਖਿਸਕ ਗਿਆ ਹੈ।