ਗੁਜਰਾਤ : 36ਵੀਂ ਕੌਮੀ ਖੇਡਾਂ ਜੋ ਗੁਜਰਾਤ ’ਚ ਹੋ ਰਹੀਆਂ ’ਚ ਪੰਜਾਬ ਦੇ ਪਟਿਆਲਾ ਦੇ ਖਿਡਾਰੀ ਅਰਜੁਨ ਨੇ ਭਾਰਤੀ ਫ਼ੌਜ ਵੱਲੋਂ ਤਲਵਾਰਬਾਜ਼ੀ ਦੇ ਵਿਅਕਤੀਗਤ ਮੁਕਾਬਲੇ ’ਚ ਅਰਜੁਨ ਨੇ ਸਿਲਵਰ ਤੇ ਟੀਮ ਮੁਕਾਬਲੇ ’ਚ ਗੋਲਡ ਮੈਡਲ ਹਾਸਲ ਕੀਤਾ ਹੈ, ਅਰਜੁਨ ਨੇ ਉਤਰਾਖੰਡ ਦੇ ਤੋਂਬਾ ਨੂੰ ਹਰਾ ਕੇ ਸਿਲਵਰ ਜਿੱਤਿਆ ਹੈ। ਪਟਿਆਲਾ ਦੇ ਅਰਜੁਨ ਦਾ ਕਹਿਣਾ ਹੈ ਕਿ ਇਸ ਸਫਲਤਾ ’ਚ ਜਿੱਥੇ ਪਰਿਵਾਰ ਦਾ ਪੂਰਨ ਸਹਿਯੋਗ ਰਿਹਾ, ਉਥੇ ਹੀ ਕੋਚ ਉਦੇਪਾਲ ਸਿੰਘ ਤੇ ਗਿਆਨ ਇੰਦਰ ਕੁਮਾਰ ਵੱਲੋਂ ਕਰਵਾਈ ਸਖ਼ਤ ਮਿਹਨਤ ਦੇ ਚੱਲਦਿਆਂ ਉਹ ਅੱਜ ਇਥੇ ਤਕ ਪੁੱਜੇ ਹਨ। ਕੌਮੀ ਖੇਡਾਂ ਤੋਂ ਬਾਅਦ ਹੁਣ ਏਸ਼ੀਅਨ ਖੇਡਾਂ ਲਈ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਅਰਜੁਨ ਬੀਤੇ ਮਹੀਨੇ ਇੰਗਲੈਂਡ ’ਚ ਹੋਈਆਂ ਕਾਮਨਵੈਲਥ ਖੇਡਾਂ ’ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਅਰਜੁਨ ਨੇ 2017 ’ਚ ਫ਼ੌਜ ’ਚ ਸੇਵਾ ਸ਼ੁਰੂ ਕੀਤੀ ਹੈ ਤੇ ਇਸ ਤੋਂ ਪਹਿਲਾਂ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਹਿੱਸਾ ਲੈਂਦਿਆਂ ਮੈਡਲ ਹਾਸਲ ਕੀਤੇ ਹਨ।