ਮੈਲਬੌਰਨ, 09 ਫਰਵਰੀ : ਮੈਲਬੌਰਨ (ਆਸਟ੍ਰੇਲੀਆ) ’ਚ ਛੋਟੀ ਉਮਰ ਵੱਡੀਆਂ ਪੁਲਾਘਾਂ ਪੁੱਟਣ ਵਾਲੀਆਂ 16-ਸਾਲਾ ਜੁੜਵਾ ਪੰਜਾਬੀ ਭੈਣਾਂ ਸੁਖਨੂਰ ਤੇ ਖੁਸ਼ਨੂਰ ਕੌਰ ਰੰਗੀ ਹਨ, ਜਿਨ੍ਹਾਂ ਨੇ ਵਿਸ਼ਵ ਅਥਲੈਟਿਕਸ ਰੈਕਿੰਗ ਦੀਆਂ ਪਹਿਲੀਆਂ ਦੋ ਥਾਵਾਂ ਮੱਲੀਆਂ ਹੋਈਆਂ ਹਨ। ਵਿਸ਼ਵ ਪੱਧਰ ’ਤੇ ਜਿੱਤੇ ਹੋਏ ਸੋਨੇ ਚਾਂਦੀ ਦੇ ਤਗਮਿਆਂ ਤੋਂ ਸਹਿਜੇ ਹੀ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਦੋਵੇਂ ਭੈਣਾਂ ਆਉਣ ਵਾਲੇ ਸਮੇਂ ਵਿਚ ਵਿਸ਼ਵ ਪੱਧਰ ’ਤੇ ਆਪਣੀ ਇਸ ਨਿਪੁੰਨਤਾ ਕਾਰਨ ਆਪਣੀ ਛਾਪ ਛੱਡਣਗੀਆਂ। ਦੋਵੇਂ ਭੈਣਾਂ ਮੈਲਬੌਰਨ ਦੀ ਮੈਰੀਬਿਰਨੌਂਗ ਸਪੋਰਟਸ ਅਕੈਡਮੀ ਵਿੱਚ ਪੜ੍ਹਦੀਆਂ 16-ਸਾਲਾ ਜੁੜਵਾ ਪੰਜਾਬੀ ਭੈਣਾਂ ਅੰਡਰ-18 ਵਰਗ 'ਚ ਆਸਟ੍ਰੇਲੀਆ ਦੀਆਂ ਮੋਹਰੀ ਪੋਲ ਵਾਲਟਰ ਹਨ, ਜੋ ਐਥਲੈਟਿਕਸ ਦੀ ਦੁਨੀਆ 'ਚ ਆਪਣੀ ਛਾਪ ਛੱਡਣ ਲਈ ਨਿਰੰਤਰ ਯਤਨਸ਼ੀਲ ਹਨ। ਸੁਖਨੂਰ 3.70 ਮੀਟਰ ਦੇ ਨਿੱਜੀ ਸਰਵੋਤਮ ਸਥਾਨ ਨਾਲ ਤੇ ਖੁਸ਼ਨੂਰ 3.50 ਮੀਟਰ ਦੀ ਉਚਾਈ ਨਾਲ ਕਈ ਰਾਸ਼ਟਰੀ ਅਤੇ ਰਾਜ ਪੱਧਰ ਦੀਆਂ ਪੋਲ ਵਾਲਟਿੰਗ ਚੈਂਪੀਅਨਸ਼ਿਪਾਂ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਚੁੱਕੀਆਂ ਹਨ। ਦੱਸਣਯੋਗ ਹੈ ਕਿ ਸੁਖਨੂਰ ਕੌਰ ਨੇ ਪਿਛਲੇ ਸਾਲ ਮਾਰਚ ਵਿੱਚ ਰਾਸ਼ਟਰੀ ਖਿਤਾਬ ਜਿੱਤਿਆ ਸੀ ਅਤੇ ਵਿਕਟੋਰੀਅਨ ਆਲ ਸਕੂਲ ਚੈਂਪੀਅਨਸ਼ਿਪ ਜਿੱਤੀ ਸੀ, ਜਦਕਿ ਖੁਸ਼ਨੂਰ ਨੇ ਦੋਵਾਂ ਮੌਕਿਆਂ 'ਤੇ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਇਲਾਵਾਂ ਦੋਵੇ ਭੈਣਾਂ ਨੇ ਪਿਛਲੇ ਸਾਲ ਦਸੰਬਰ ਵਿੱਚ ਐਡੀਲੇਡ ਵਿੱਚ ਆਯੋਜਿਤ 2022 ਆਸਟ੍ਰੇਲੀਅਨ ਆਲ ਸਕੂਲ ਟ੍ਰੈਕ ਅਤੇ ਫੀਲਡ ਚੈਂਪੀਅਨਸ਼ਿਪ ਵਿੱਚ ਵੀ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ ਸਨ। ਸੁਖਨੂਰ ਨੇ ਦੱਸਿਆ ਕਿ ਫਿੱਟ ਰਹਿਣ ਤੇ ਤਾਕਤ ਵਧਾਉਣ ਲਈ ਉਨ੍ਹਾਂ ਲਈ ਜਿਮ ਅਤੇ ਕਸਰਤ ਸੈਸ਼ਨ ਕਾਫੀ ਜ਼ਰੂਰੀ ਹੁੰਦੇ ਹਨ। "ਯੋਗ ਸਿਖਲਾਈ, ਖਾਣ-ਪੀਣ ਦੀਆਂ ਆਦਤਾਂ ਅਤੇ ਪ੍ਰੋਟੀਨ-ਭਰਪੂਰ ਭੋਜਨ ਦਾ ਵੀ ਇਸ ਵਿੱਚ ਆਪਣਾ ਰੋਲ ਹੁੰਦਾ ਹੈ," ਉਨ੍ਹਾਂ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਮਿਹਨਤ, ਮਾਪਿਆਂ ਤੇ ਆਪਣੇ ਕੋਚਜ਼ ਨੂੰ ਦਿੱਤਾ ਹੈ। ਮਾਪੇ ਆਪਣੀਆਂ ਦੋਵੇਂ ਧੀਆਂ ਦੀ ਇਸ ਕਾਮਯਾਬੀ ’ਤੇ ਮਾਣ ਮਹਿਸੂਸ ਕਰ ਰਹੇ ਹਨ। ਮਾਪਿਆਂ ਨੇ ਕਿਹਾ ਕਿ ਤੁਸੀਂ ਵਿਦੇਸ਼ੀ ਧਰਤੀ ਤੇ ਚੰਗੇ ਭਵਿੱਖ ਲਈ ਆਉਂਦੇ ਹੋ ਤੇ ਆਪਣੇ ਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਸੁਧਾਰਨਾ ਚਾਹੁੰਦੇ ਹੋ ਇਸ ਲਈ ਤੁਸੀਂ ਨਿਰੰਤਰ ਸੰਘਰਸ਼ ਕਰਦੇ ਹੋ। ਬੱਚਿਆਂ ਦੇ ਸੁਨਿਹਰੀ ਭਵਿੱਖ ਲਈ ਤੁਹਾਨੂੰ ਵਿਦੇਸ਼ਾਂ ਚ ਆ ਕੇ ਅਨੇਕਾਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ। ਆਪਣੇ ਸਾਰੇ ਸ਼ੌਂਕ ਇਕ ਪਾਸੇ ਰੱਖਣੇ ਪੈਂਦੇ ਹਨ। ਜਦੋਂ ਔਲਾਦ ਅਜਿਹੀਆਂ ਪ੍ਰਾਪਤੀਆਂ ਹਾਸਲ ਕਰਦੇ ਹੈ ਤਾਂ ਬੰਦਾ ਮਾੜਾ ਸਮਾਂ ਭੁੱਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਦੋਵੇਂ ਧੀਆਂ ਤੇ ਮਾਣ ਹੈ ਤੇ ਅਸੀਂ ਹਮੇਸ਼ਾਂ ਆਪਣੀਆਂ ਧੀਆਂ ਨੂੰ ਸਪੋਰਟ ਕਰਾਂਗੇ ਤੇ ਅੱਗੇ ਵੱਧਣ ਦਾ ਹੌਂਸਲਾ ਵੀ ਦੇਵਾਂਗੇ। ਸੁਖਨੂਰ ਤੇ ਖੁਸ਼ਨੂਰ ਦੇ ਪਿਤਾ ਨਵਦੀਪ ਰੰਗੀ ਲੁਧਿਆਣਾ ਜ਼ਿਲ੍ਹੇ ਦੇ ਨੇੜਲੇ ਪਿੰਡ ਰੰਗੀਆਂ ਨਾਲ ਸਬੰਧ ਰੱਖਦੇ ਹਨ। ਉਹ 1997 ਵਿਚ ਰੋਜ਼ੀ ਰੋਟੀ ਕਮਾਉਣ ਤੇ ਚੰਗੇ ਭਵਿੱਖ ਲਈ ਆਸਟ੍ਰੇਲੀਆ ਆਏ ਸਨ। ਇੱਥੇ ਆ ਕੇ ਉਹ ਵਾਲੀਵਾਲ ਖੇਡ ਨਾਲ ਲੰਮੇ ਸਮੇਂ ਤੱਕ ਜੁੜੇ ਰਹੇ ਹਨ। ਰੰਗੀ ਭੈਣਾਂ ਦੀਆਂ ਨਜ਼ਰਾਂ ਹੁਣ 43ਵੀਆਂ ਸਲਾਨਾ ਸਿਮਪਲੌਟ ਖੇਡਾਂ ਜਿੱਤਣ ’ਤੇ ਹਨ, ਜੋ ਉੱਤਰੀ ਅਮਰੀਕਾ ਵਿਚ ਹੋਣਗੀਆਂ।