ਸੁਨਾਮ ਊਧਮ ਸਿੰਘ ਵਾਲਾ, 26 ਦਸੰਬਰ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਅੱਜ ਸਥਾਨਕ ਸ਼ਹੀਦ ਊਧਮ ਸਿੰਘ ਓਲੰਪਿਕ ਸਟੇਡੀਅਮ ਵਿਖੇ ਲੜਕੀਆਂ ਦੀ ਅੰ-17 ਫੁੱਟਬਾਲ ਲੀਗ ਦੌਰਾਨ ਖੇਡਣ ਵਾਲੀਆਂ ਖਿਡਾਰਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਜ਼ਿਲ੍ਹਾ ਫ਼ੁੱਟਬਾਲ ਐਸੋਸੀਏਸ਼ਨ ਸੰਗਰੂਰ ਵੱਲੋਂ ਪੰਜਾਬ ਫ਼ੁੱਟਬਾਲ ਐਸੋਸੀਏਸ਼ਨ ਦੀ ਸੇਧ ’ਤੇ ਕਰਵਾਈ ਗਈ ‘ਖੇਲੋ ਇੰਡੀਆ’ ਅੰਡਰ-17 ਗਰਲਜ਼ ਫੁੱਟਬਾਲ ਲੀਗ’ ਦੇ ਸਮਾਪਤੀ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਤਹਿਤ ਹੀ ਹਾਲ ਹੀ ਵਿਚ ਪੂਰੇ ਸੂਬੇ ’ਚ ਹਰ ਉਮਰ ਵਰਗ ਦੇ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਗਈਆਂ ਹਨ ਤਾਂ ਜੋ ਪੰਜਾਬੀਆਂ ਨੂੰ ਖੇਡ ਸੱਭਿਆਚਾਰ ਨਾਲ ਜੋੜਿਆ ਜਾ ਸਕੇ।ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖੇਡਾਂ ਅਤੇ ਖੇਡ ਮੈਦਾਨਾਂ ਦੀ ਹਾਲਤ ਸੁਧਾਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਖ਼ਾਸ ਕਰਕੇ ਨੌਜਵਾਨਾਂ ਦੀ ਮੰਗ ’ਤੇ ਸਟੇਡੀਅਮਾਂ ਦੀ ਹਾਲਤ ਸੁਧਾਰਨ ਦੇ ਨਾਲ-ਨਾਲ ਵਿਸ਼ਵ ਪੱਧਰ ਦੇ ਖੇਡ ਮੈਦਾਨ ਤਿਆਰ ਕਰਨ ਲਈ ਵੀ ਕਵਾਇਦ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਊਧਮ ਸਿੰਘ ਜੀ ਦੀ ਧਰਤੀ ਨੂੰ ਸਿਜਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੁਨਾਮ ਵਿਚਲੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦੀ ਖਾਲੀ ਪਈ ਜ਼ਮੀਨ ’ਤੇ ਤਕਰੀਬਨ 2 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ਵ ਪੱਧਰ ਦਾ ਸਟੇਡੀਅਮ ਬਣਵਾਇਆ ਜਾ ਰਿਹਾ ਹੈ ਜਿਸ ’ਚ ਖਿਡਾਰੀਆਂ ਲਈ ਅਤਿ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਅਮਨ ਅਰੋੜਾ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਨੂੰ ਭੈੜੀਆਂ ਆਦਤਾਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਸੰਭਾਲਣ ਲਈ ਅਜਿਹੀਆਂ ਕੋਸ਼ਿਸ਼ਾਂ ਦ੍ਰਿੜ ਇਰਾਦੇ ਨਾਲ ਕਰਨ ਦੀ ਲੋੜ ਹੈ ਅਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਇਸ ਮੰਤਵ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ, ਐਸ.ਡੀ.ਐਮ. ਸੁਨਾਮ ਜਸਪ੍ਰੀਤ ਸਿੰਘ, ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਜ਼ਿਲ੍ਹਾ ਫ਼ੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ, ਸਕੱਤਰ ਹਰਜਿੰਦਰ ਸਿੰਘ, ਮੈਂਬਰ ਨਰੇਸ਼ ਸ਼ਰਮਾ, ਅਨਿਰੁੱਧ ਵਸ਼ਸਿਟ, ਉੱਜਵਲ ਜੈਨ, ਜਤਿੰਦਰ ਜੈਨ ਅਤੇ ਭਾਨੂੰ ਪ੍ਰਤਾਪ ਵੀ ਹਾਜ਼ਰ ਸਨ।